ਬੰਦਾ ਸਿੰਘ ਬਹਾਦਰ ‘ਤੇ ਲੱਗੇ ਦੋਸ਼ਾਂ ਦਾ ਨਿਰਣਾ - ਸੁਰਜੀਤ ਸਿੰਘ ਪੰਛੀ

ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਪਿੱਛੋਂ ਬੰਦਾ ਸਿੰਘ ਬਹਾਦਰ ਹੀ ਸੀ ਜਿਸ ਨੇ ਸਿੰਘਾਂ ਨੂੰ ਜ਼ੁਲਮ ਦੀ ਲਾਟ ਨੂੰ ਬੁਝਾਉਣ ਲਈ ਹਸਦਿਆਂ ਹਸਦਿਆਂ ਆਪਾ ਵਾਰਨਾ ਸਿਖਾਇਆ ਅਤੇ ਕੌਮੀਅਤ ਦਾ ਗਿਆਨ ਦਿੱਤਾ। ਬੰਦਾ ਸਿੰਘ ਪਹਿਲਾ ਆਦਮੀ ਸੀ ਜਿਸ ਨੇ ਪੰਜਾਬ ਵਿਚ ਮੁਗਲਾਂ ਦੇ ਜ਼ੁਲਮੀ ਰਾਜ ਨੂੰ ਕਰਾਰੀ ਸੱਟ ਮਾਰੀ ਅਤੇ 1710 ਈ: ਵਿਚ ਪੰਜਾਬ ਵਿਚ ਖਾਲਸੇ ਦੇ ਅਧੀਨ ਕੌਮੀ ਰਾਜ ਦੀ ਨੀਂਹ ਰੱਖੀ।ਬੰਦਾ ਸਿੰਘ ਬਹਾਦਰ ਜਿਹੇ ਮਹਾਨ ਯੋਧੇ ਦੇ ਜੀਵਨ ਨੂੰ ਸਮਕਾਲੀ ਮੁਸਲਮਾਨ ਅਤੇ ਗੈਰ ਮੁਸਲਮਾਨ ਲਿਖਾਰੀਆਂ ਨੇ ਆਪਣੇ ਮਨਾਂ ਵਿਚ ਬੈਠੇ ਧਾਰਮਿਕ ਅਤੇ ਰਾਜਸੀ ਪੱਖਪਾਤ ਦੀ ਧੁੰਦ ਵਿਚ ਲਪੇਟ ਕੇ ਧੁੰਦਲਾ ਕਰ ਦਿੱਤਾ। ਗਿਆਨੀ ਗਿਆਨ ਸਿੰਘ ਅਤੇ ਰਤਨ ਸਿੰਘ ਭੰਗੂ ਆਦਿ ਨੇ, ਜੋ ਦੋਸ਼ ਉਸ ਦੇ ਵਿਰੋਧੀਆਂ ਨੇ ਲਾਏ, ਦਾ ਵੀ ਵਰਨਣ ਕੀਤਾ ਹੈ।

ਮੁਸਲਮਾਨ ਇਤਿਹਾਸਕਾਰਾਂ ਵਲੋਂ ਪਹਿਲਾ ਦੋਸ਼ ਇਹ ਲਾਇਆ ਜਾਂਦਾ ਹੈ ਕਿ ਉਹ ਲੁਟੇਰਾ ਅਤੇ ਧਾੜੇਮਾਰ ਸੀ। ਲੁਟੇਰਾ ਅਤੇ ਧਾੜੇਮਾਰ ਉਹ ਹੁੰਦਾ ਹੈ ਜੋ ਧਨ ਇਕੱਤਰ ਕਰਨ ਖਾਤਰ ਬਿਨਾਂ ਕਿਸੇ ਭੇਦ ਭਾਵ ਦੇ ਲੁੱਟ ਮਾਰ ਕਰੇ। ਬੰਦਾ ਸਿੰਘ ਬਹਾਦਰ ਨੇ ਲੁੱਟ ਮਾਰ ਧਨ ਇਕੱਤਰ ਕਰਨ ਖਾਤਰ ਨਹੀਂ ਕੀਤੀ। ਉਨ੍ਹਾਂ ਨੇ ਤਾਂ ਉਨ੍ਹਾਂ ਲੋਕਾਂ ਨੂੰ ਲੁੱਟਿਆ ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਗਰੀਬ ਜਨਤਾ ਨੂੰ ਲੁੱਟ ਕੇ ਆਪਣੀਆਂ ਤਜੌਰੀਆਂ ਭਰੀਆਂ। ਬੰਦਾ ਸਿੰਘ ਦਾ ਮੰਤਵ ਲੁੱਟੇ ਹੋਏ ਮਾਲ ਨੂੰ ਪ੍ਰਾਪਤ ਕਰਕੇ ਸਹੀ ਮਾਲਕਾਂ ਤੱਕ ਪਹੁੰਚਾਉਣਾ ਸੀ। ਇਸ ਤਰ੍ਹਾਂ ਦੇ ਕਰਮ ਨੂੰ ਲੁੱਟ ਮਾਰ ਨਹੀਂ ਕਿਹਾ ਜਾ ਸਕਦਾ। ਬੰਦਾ ਸਿਘ ਬਹਾਦਰ ਨੇ ਸ਼ਾਸਕਾਂ ਤੇ ਉਨ੍ਹਾਂ ਦੇ ਬੰਦਿਆਂ ਕੋਲੋਂ ਲੁੱਟਿਆ ਧਨ ਮਾਲ ਲੋਕਾਂ ਵਿਚ ਬਰਾਬਰ ਵੰਡ ਦਿੱਤਾ। ਇਸੇ ਵਿਚਾਰ ਅਧੀਨ ਜਿ਼ਮੀਂਦਾਰੀ ਪ੍ਰਥਾ ਖਤਮ ਕਰਕੇ ਜ਼ਮੀਨ ਵਾਹੀਕਾਰਾਂ ਵਿਚ ਵੰਡ ਦਿੱਤੀ। ਇਸੇ ਦੇ ਉਲਟ ਤੱਤ ਖਾਲਸੇ ਨੇ ਮਾਤਾ ਸੁੰਦਰੀ ਕੋਲ ਸਿ਼ਕਾਇਤ ਕੀਤੀ ਸੀ ਕਿ ਬੰਦਾ ਸਿੰਘ ਬਹਾਦਰ ਲੁੱਟ ਤੋਂ ਸਿੱਖਾਂ ਨੂੰ ਵਰਜ਼ ਕੇ ਗੁਰੂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ। ਸਾਰਾ ਧਨ ਸਾਥੀਆਂ ਵਿਚ ਵੰਡ ਕੇ ਯੁੱਧ, ਖਰਚਿਆਂ ਅਤੇ ਭੀੜਾਂ ਦੇ ਸਮੇਂ ਲਈ ਧਨ ਬਚਾ ਕੇ ਨਹੀਂ ਰਖਦਾ। ਰਤਨ ਸਿੰਘ ਭੰਗੂ ਆਪ ਲੋਕਾਂ ਵਿਚ ਧਨ ਵੰਡਣ ਬਾਰੇ ਲਿਖਦਾ ਹੈ :

ਦੀਵੇ ਪਾਵੈ ਤੇਲ ਤੇਲ।

ਇਕ ਮੋਹਰ ਤਿਹ ਦੇਵੈ ਮੇਲ।

ਰੂਠੀ ਭਾਂਡਾ ਲਿਆਵੈ ਘੁਮਿਆਰ,

ਦੇਵੇ ਮੋਹਰ ਕੱਢ ਖੀਸਿਓਂ ਡਾਰ।

ਲਕੜੀ ਚੂਹੜੋ ਲਿਆਵੈ ਕੋਈ।

ਮੋਹਰ ਖੀਸਿ ਦੇ ਦੋ ਓਈ।

ਮੁਸਲਮਾਨ ਇਤਿਹਾਸਕਾਰਾਂ ਦਾ ਦੂਜਾ ਦੋਸ਼ ਹੈ ਕਿ ਉਹ ਇਸਤਰੀਆਂ ਦੀ ਜਬਰੀ ਬੇਪਤੀ ਕਰਨ ਵਾਲਾ ਸੀ। ਰਤਨ ਸਿੰਘ ਭੰਗੂ ਲਿਖਦਾ ਹੈ ਕਿ ਉਹ ਹਰ ਰੋਜ਼ ਢੰਡੋਰਾ ਪਿਟਵਾਉਂਦਾ ਸੀ ਕਿ ਇਸਤਰੀ ਦੇ ਤਨ ਦੇ ਗਹਿਣੇ ਨੂੰ ਕੋਈ ਸਿੱਖ ਸੈਨਿਕ ਹੱਥ ਨਾ ਲਾਵੇ। ਕਿਸੇ ਪੁਰਸ਼ ਦੀ ਪੁਸ਼ਾਕ ਅਤੇ ਪੱਗੜੀ ਨੂੰ ਵੀ ਹੱਥ ਨਾ ਪਾਇਆ ਜਾਵੇ। ਇਸਤਰੀ ਦੀ ਇੱਜ਼ਤ ਲੁੱਟਣੀ ਤਾਂ ਦਰਕਿਨਾਰ, ਉਹ ਆਪਣੇ ਹੁਕਮਨਾਮਿਆਂ ਵਿਚ ‘ਚੋਰੀ ਯਾਰੀ ਨਾ ਕਰਨ’ ਦਾ ਆਦੇਸ਼ ਦਿੰਦਾ ਸੀ?’

ਮੁਸਲਮਾਨਾਂ ਲੇਖਕਾਂ ਦੁਆਰਾ ਬੰਦਾ ਸਿੰਘ ਬਹਾਦਰ ਤੇ ਕਰੂਰ ਹਤਿਆਰਾ ਹੋਣ ਦਾ ਦੋਸ਼ ਲਾਇਆ ਜਾਂਦਾ ਹੈ। ਉਸ ਨੇ ਉਨ੍ਹਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਨੇ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਗੁਰੂ ਜੀ ਦੇ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਅਤੇ ਲੋਕਾਂ ਉੱਤੇ ਜ਼ੁਲਮ ਢਾਹੇ ਸਨ। ਸਰਹਿੰਦ ਦਾ ਨਵਾਬ ਵਜ਼ੀਰ ਖਾਨ ਅਤੇ ਸੁੱਚਾ ਨੰਦ ਸਰਹਿੰਦ ਦੇ ਹੀ ਰਹਿਣ ਵਾਲੇ ਸਨ। ਕੀ ਸਰਹੰਦ ਦੇ ਲੋਕ ਜੋ ਬੱਚਿਆਂ ਨੂੰ ਕੰਧਾਂ ਵਿਚ ਚਿਣਨ ਸਮੇਂ ਤਮਾਸ਼ਾ ਦੇਖਦੇ ਰਹੇ, ਬੱਚਿਆਂ ਲਈ ਇਕ ਹੰਝੂ ਨਾ ਕੇਰਿਆ, ਅਜਿਹੇ ਦੁਸ਼ਟਾਂ ਨੂੰ ਸਜ਼ਾ ਦੇਣ ਵਾਲਾ ਕੀ ਹਤਿਆਰਾ ਸੀ? ਮੁਹੰਮਦ ਕਾਸਮ ‘ਇਬਰਤਨਾਮਾ’ ਵਿਚ ਲਿਖਦਾ ਹੈ, ‘‘ਮੈਂ ਆਸ ਪਾਸ ਦੇ ਭਰੋਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ ਸ਼ਹੀਦ (ਵਜ਼ੀਰ ਖਾਨ) ਦੀ ਹਕੂਮਤ ਦੇ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈ (ਸੁੱਚਾ ਨੰਦ) ਨੇ ਗਰੀਬਾਂ ਉੱਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ। ਜਿਸ ਦਾ ਫਲ ਇਸਨੂੰ ਪ੍ਰਾਪਤ ਹੋਇਆ।’’ ਕਪੂਰੀ ਦਾ ਅਮਾਨੁੱਲਾ ਅਤੇ ਇਸ ਦਾ ਪੁੱਤਰ ਕਦਮੁਦੀਨ ਹਰ ਵਿਆਹੀ ਆਈ ਹਿੰਦੂ ਲੜਕੀ ਨੂੰ ਸੁਹਾਗ ਰਾਤ ਤੋਂ ਪਹਿਲਾਂ ਚਾਰ ਪੰਜ ਦਿਨ ਆਪਣੇ ਘਰ ਰਖਦੇ ਸਨ। ਕੀ ਏਹੋ ਜਿਹੇ ਕਰਮ ਕਰਨ ਵਾਲੇ ਵਿਅਕਤੀ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਜ਼ਾ ਦੇਣ ਵਾਲਾ ਹਤਿਆਰਾ ਸੀ?

ਉਸ ਦੇ ਅੱਗੇ ਜਦੋਂ ਕਿਸੇ ਨੇ ਈਨ ਮੰਨੀ ਤਾਂ ਉਸ ਥਾਂ ਉਸ ਨੇ ਕਤਲੋਗਾਰਤ ਨਹੀਂ ਕੀਤੀ ਜਿਵੇਂ ਮਲੇਰਕੋਟਲੇ ਦੇ ਲੋਕਾਂ ਨੇ ਕੀਤਾ। ਬੰਦਾ ਸਿੰਘ ਬਹਾਦਰ ਨੇ ਧਰਮ ਦੇ ਨਾਂ ‘ਤੇ ਕੋਈ ਜ਼ੁਲਮ ਨਹੀਂ ਕੀਤਾ। ਨਾ ਕੋਈ ਉਸ ਨੇ ਕਬਰ ਪੁੱਟੀ ਅਤੇ ਨਾ ਹੀ ਕੋਈ ਮਕਬਰਾ ਢਾਹਿਆ। ਮਲੇਰਕੋਟਲੇ ਵਿਚ ਅਨੂਪ ਕੌਰ ਦੀ ਲਾਸ਼ ਲੱਭਣ ਸਮੇਂ ਹੋ ਸਕਦਾ ਹੈ ਕੁਝ ਕਬਰਾਂ ਪੁੱਟੀਆਂ ਗਈਆਂ ਹੋਣ ਪਰ ਹੋਰ ਕਿਸੇ ਥਾਂ ‘ਤੇ ਉਸਨੇ ਕੋਈ ਕਬਰ ਨਹੀਂ ਪੁੱਟੀ, ਕੋਈ ਮਕਬਰਾ ਨਹੀਂ ਫੂਕਿਆ, ਕੋਈ ਮਸੀਤ ਨਹੀਂ ਢਾਹੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਰਾਜ ਦੇ ਵਿਰੁਧ ਲੜਾਈ ਨੂੰ ਮਜ਼੍ਹਬੀ ਲੜਾਈ ਦਾ ਰੂਪ ਨਹੀਂ ਦਿੱਤਾ। ਉਸ ਨੇ ਮੁਸਲਮਾਨਾਂ ਉੱਤੇ ਕੋਈ ਧਾਰਮਿਕ ਬੰਦਸ਼ਾਂ ਨਹੀਂ ਲਾਈਆਂ। ਬਾਦਸ਼ਾਹ ਕੋਲ 28 ਅਪਰੈਲ, 1701 ਈ: ਨੂੰ ਪੁੱਜੀ ਖਬਰ ਵਿਚ ਦਰਜ ਹੈ, ‘‘ਉਸ (ਬੰਦਾ ਸਿੰਘ) ਨੇ ਬਚਨ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦਿੰਦਾ। ਚੁਨਾਂਚਿ ਜੋ ਵੀ ਮੁਸਲਮਾਨ ਉਸ ਵਲੋਂ ਰੁਜੂ ਹੁੰਦਾ ਹੈ, ਉਸ ਦੀ ਦਿਹਾੜੀ ਅਤੇ ਤਨਖਾਹ ਨੀਯਤ ਕਰਕੇ ਉਸ ਦਾ ਧਿਆਨ ਰੱਖਦਾ ਹੈ ਅਤੇ ਉਸ ਨੇ ਆਗਿਆ ਦੇ ਦਿੱਤੀ ਹੋਈ ਹੈ ਕਿ ਨਮਾਜ਼ ਅਤੇ ਖਤਬਾ ਜਿਵੇਂ ਚਾਹੁਣ ਪੜ੍ਹਨ। ਚੁਨਾਂਚਿ ਪੰਜਾਹ ਹਜ਼ਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾਂ ਦੀ ਫੌਜ ਵਿਚ ਬਾਂਗ ਅਤੇ ਨਮਾਜ਼ ਵਲੋਂ ਸੁੱਖ ਪਾ ਰਹੇ ਹਨ।’’ ਇਹ ਬੰਦਾ ਸਿੰਘ ਦੀ ਧਾਰਮਕ ਉਦਾਰਤਾ ਅਤੇ ਨਿਰਪੱਖਤਾ ਦੀ ਆਪਣੇ ਮੂੰਹੋਂ ਬੋਲਦੀ ਤਸਵੀਰ ਹੈ।

ਕਤਲ, ਕਤਲ ਉਸ ਵੇਲੇ ਕਹਾਉਂਦਾ ਹੈ ਜਦੋਂ ਨਿਤਾਣੇ ਤੇ ਨਿਮਾਣੇ ਦਾ ਕੀਤਾ ਜਾਵੇ। ਜਦੋਂ ਜ਼ੁਲਮ ਅਨਿਆਂ, ਵਿਭਚਾਰ, ਅਧਰਮ ਵਿਰੁਧ ਲੜਦਿਆਂ ਸੱਥਰ ਲਾਹੇ ਜਾਣ ਤਾਂ ਉਹ ਜ਼ੁਲਮ ਨਹੀਂ ਪਰਸਵਾਰਥ ਹੈ। ਪਰਸਵਾਰਥੀ ਦੇ ਮਨ ਤੇ ਮਲਾਲ ਤਾਂ ਕੀ ਆਉਣਾ ਹੈ, ਇਕ ਸਿ਼ਕਨ ਵੀ ਨਹੀਂ ਪੈ ਸਕਦਾ। ਜੇ ਸੱਚ ਦੀ ਰਾਖੀ ਕਰਦਿਆਂ, ਮਜ਼ਲੂਮਾਂ ਤੇ ਜ਼ੁਲਮ ਨੂੰ ਰੋਕਦਿਆਂ, ਇਸਤਰੀਆਂ ਦੀ ਪੱਤ ਬਚਾਉਂਦਿਆਂ, ਕਤਲ ਹੋਏ, ਮਾਰਧਾੜ ਹੋਈ, ਉਹ ਨਾ ਤਾਂ ਕਤਲ ਸਨ ਨਾ ਮਾਰਧਾੜ। ਮਿ. ਥਾਰੰਟਨ ਨੇ ਪੰਜਾਬ ਬਾਰੇ ਇਤਿਹਾਸਕਾਰਾਂ ਨੂੰ ਇਕ ਸੁੰਦਰ ਗੱਲ ਕਹੀ ਹੈ, ‘ਮੁਸਲਮਾਨ ਇਤਿਹਾਸਕਾਰਾਂ ਦੇ ਲਿਖੇ ਨੂੰ ਇੰਨ ਬਿੰਨ ਨਹੀਂ ਮੰਨ ਲੈਣਾ ਚਾਹੀਦਾ।’ ਮਿੱਲਜ਼ ਨੇ ਇਸੇ ਗੱਲ ਵਲ ਇਸ਼ਾਰਾ ਕਰਦੇ ਹੋਏ ਲਿਖਿਆ ਹੈ ਕਿ ਆਪਣੇ ਦੀਨ ਭਰਾਵਾਂ ਨੂੰ ਜ਼ੇਰ ਹੁੰਦਾ ਵੇਖ ਕੇ ਮੁਸਲਮਾਨ ਲੇਖਕਾਂ ਨੇ ਹਰ ਕਿਸਮ ਦੇ ਅਤਿਆਚਾਰਾਂ ਦਾ ਜਿ਼ੰਮੇਵਾਰ ਬੰਦਾ ਸਿੰਘ ਬਹਾਦਰ ਨੂੰ ਠਹਿਰਾਇਆ ਤਾਂ ਕਿ ਭਰਾਵਾਂ ਅੰਦਰ ਜਜ਼ਬਾ ਭਰਿਆ ਜਾ ਸਕੇ। ਜੇ ਸਾਫ ਨੀਤੀ ਨਾਲ ਦੇਖਿਆ ਜਾਵੇ ਤਾਂ ਬੰਦਾ ਸਿੰਘ ਕੋਈ ਦੈਂਤ, ਜ਼ਾਲਮ, ਬੇਰਹਿਮ ਜਾਂ ਕਰੂਰ ਹਤਿਆਰਾ ਨਹੀਂ।

ਹਿੰਦੂ ਇਤਿਹਾਸਕਾਰ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਨਾਂ ਦਾ ਹਿੰਦੂ ਸੂਰਬੀਰ ਕਹਿੰਦੇ ਹਨ ਜਿਸ ਨੇ ਹਿੰਦੂ ਕੌਮ ਦੇ ਖੁੱਸੇ ਹੋਏ ਗੌਰਵ ਦੀ ਪੁਨਰਸਥਾਪਤੀ ਲਈ ਸੰਘਰਸ਼ ਕੀਤਾ। ਇਹ ਉਸ ਨੂੰ ਅੰਮ੍ਰਿਤਧਾਰੀ ਖਾਲਸਾ ਵੀ ਨਹੀਂ ਮੰਨਦੇ। ਕੀ ਗੁਰੂ ਗੋਬਿੰਦ ਸਿੰਘ ਨੇ ਇਕ ਅਜਿਹੇ ਬੰਦੇ ਨੂੰ ਜੋ ਅੰਮ੍ਰਿਤਧਾਰੀ ਨਹੀਂ, ਖਾਲਸਾ ਕੌਮ ਦਾ ਜਥੇਦਾਰ ਬਣਾ ਕੇ ਭੇਜਿਆ? ਬੰਦਾ ਸਿੰਘ ਬਹਾਦਰ ਆਪਣੇ ਹੁਕਮਨਾਮਿਆਂ ਵਿਚ ਅੰਮ੍ਰਿਤ ਦੀ ਰਹਿਤ ਉੱਤੇ ਜ਼ੋਰ ਦਿੰਦਾ ਸੀ, ‘‘ਪੰਜ ਹਥਿਆਰ ਬੰਨ੍ਹ ਕੇ ਹੁਕਮ ਦੇਖਦਿਆਂ ਦਰਸ਼ਨ ਆਵਣਾ ਖਾਲਸੇ ਦੀ ਰਹਿਤ ਰਹਿਣਾ...।” ਇਕ ਅੰਮ੍ਰਿਤਧਾਰੀ ਖਾਲਸਾ ਹੀ ਖਾਲਸੇ ਦੀ ਰਹਿਤ ਰਹਿਣ ਲਈ ਕਹਿ ਸਕਦਾ ਹੈ। ਨਵਾਬ ਅਮੀਨੁਦੋਲਾ ਲਿਖਦਾ ਹੈ, ‘‘ਕੀ ਹਿੰਦੂ ਤੇ ਕੀ ਮੁਸਲਮਾਨ ਜੋ ਕੋਈ ਵੀ ਉਸ ਕੋਲ ਜਾਂਦਾ, ਇਹ ਉਸ ਨੂੰ ਸਿੰਘ ਕਰਕੇ ਬੁਲਾਉਂਦਾ। ਦੀਨਦਾਰ ਖਾਂ ਦੀਨਦਾਰ ਸਿੰਘ ਤੇ ਮੀਰ ਨਸੀਰੂਦੀਨ ਮੀਰ ਨਸੀਰ ਸਿੰਘ ਬਣ ਗਿਆ।’’ ਕੀ ਮੁਸਲਮਾਨਾਂ ਤੇ ਹਿੰਦੂਆਂ ਨੂੰ ਸਿੱਖ ਬਣਾਉਣ ਵਾਲਾ ਆਪ ਸਿੱਖ ਨਹੀਂ ਸੀ? ਉਸ ਨੇ ਆਪਣੀ ਵਿਅਕਤੀਗਤ ਜਾਤੀ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਆਪਣੇ ਆਪ ਨੂੰ ਸੋਢੀ ਬੰਸੀ ਅਖਵਾਇਆ ਅਤੇ ਉਸ ਦੀ ਬੰਸ ਹੁਣ ਤੱਕ ਸੋਢੀ ਅਖਵਾਉਂਦੀ ਹੈ। ਰਤਨ ਸਿੰਘ ਭੰਗੂ ਲਿਖਦੇ ਹਨ:-

ਜੋ ਬੰਦੇ ਦੀ ਭਈ ਉਲਾਦ,

ਗੋਤ ਉਚਾਰੈ ਸੋਢੀ ਤਾਦ।

ਹਮ ਗੁਰੂ ਗੋਬਿੰਦ ਸਿੰਘ ਬੰਸੀ ਆਹੀ।

ਇਮ ਕਰ ਸੋਢੀ ਬੰਸ ਕਹਾ ਹੀ।

ਗੁਰੂ ਜੀ ਨੇ ਉਸ ਨਾਲ ਪੰਜ ਸਿੰਘ ਹੀ ਭੇਜੇ ਸਨ ਕੋਈ ਬੈਰਾਗੀ ਨਹੀਂ ਸੀ। ਨਾ ਹੀ ਉਸ ਕੋਲ ਲੜਨ ਵਾਲੀ ਬੈਰਾਗੀ ਸੈਨਾ ਸੀ। ਜੋ ਉਸ ਦੇ ਨਾਲ ਸ਼ਹੀਦ ਹੋਏ ਸਾਰੇ ਸਿੰਘ ਸਨ, ਕੋਈ ਵੀ ਬੈਰਾਗੀ ਨਹੀਂ ਸੀ। ਬੰਦਾ ਸਿੰਘ ਬਹਾਦਰ ਨੇ ਸਿੱਕਿਆਂ ਅਤੇ ਮੋਹਰਾਂ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਖੁਦਵਾਇਆ। ਜੇ ਉਹ ਹਿੰਦੂ ਹੁੰਦਾ ਤਾਂ ਕਿਸੇ ਦੇਵੀ ਦੇਵਤੇ ਜਾਂ ਆਪਣਾ ਨਾਂ ਖੁਦਵਾਉਂਦਾ। ਜੇ ਉਹ ਸਿੱਖ ਸੀ ਤਾਂ ਹੀ ਗੁਰੂਆਂ ਦੇ ਨਾਂ ਖੁਦਵਾਏ। ਸ਼ਹੀਦੀ ਸਮੇਂ ਵੀ ਉਸ ਨੇ ਤੇ ਸਿੰਘਾਂ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਸਿੰਘ ਹੀ ਕਿਹਾ। ਕਿਸੇ ਹਿੰਦੂ ਦੇਵੀ ਦੇਵਤੇ ਦਾ ਨਾਂ ਨਹੀਂ ਲਿਆ। ਜੇਕਰ ਬੰਦਾ ਸਿੰਘ ਬਹਾਦਰ ਸਿੱਖ ਨਹੀਂ ਸੀ ਤਾਂ ਸਿੱਖਾਂ ਦੇ ਇਸ ਧੜੇ ਨੂੰ ‘ਬੰਦਈ ਖਾਲਸਾ’ ਕਿਉਂ ਕਿਹਾ ਗਿਆ? ਰਤਨ ਸਿੰਘ ਭੰਗੂ ਜੋ ਬੰਦੇ ਨੂੰ ਅੰਮ੍ਰਿਤਧਾਰੀ ਨਹੀਂ ਮੰਨਦਾ ਉਹ ਆਪ ਹੀ ਖਾਲਸਾ ਕਹਿ ਰਿਹਾ ਹੈ:

ਗੱਡ ਖਾਲਸੇ ਝੰਡੇ ਝੁਲਾਏ।

ਤੁਰਕਨ ਕੈ ਸੋ ਪੱਟ ਗਿਰਾਏ।

ਹਿੰਦੂ ਲੇਖਕਾਂ ਦਾ ਇਹ ਕਹਿਣਾ ਕਿ ਬੰਦਾ ਬੈਰਾਗੀ ਨਾਮ ਦਾ ਇਕ ਸੂਰਬੀਰ ਸੀ ਜਿਸ ਨੇ ਹਿੰਦੂ ਕੌਮ ਦੇ ਖੁੱਸੇ ਹੋਏ ਗੌਰਵ ਦੀ ਪੁਨਰ ਜਾਗਰਤੀ ਲਈ ਜਦੋਜਹਿਦ ਕੀਤੀ, ਗ਼ਲਤ ਹੈ।

ਭੰਗੂ ਦਾ ਇਹ ਦੋਸ਼ ਕਿ ਬੰਦੇ ਨੇ ਪਹਾੜੀ ਇਲਾਕੇ ਵਿਚ ਆਪਣੇ ਆਪ ਨੂੰ ਗੁਰੂ ਅਖਵਾਇਆ ਅਤੇ ਜੁਝਾਰ ਸਿੰਘ ਨਾਂ ਰੱਖਿਆ। ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਕਦੇ ਵੀ ਗੁਰੂ ਨਹੀਂ ਕਹਾਇਆ। ਉਹ ਤਾਂ ਆਪਣੇ ਆਪ ਨੂੰ ‘ਗੁਰੂ ਦਾ ਬੰਦਾ’ ਕਹਿੰਦਾ ਸੀ ਭਾਵ ‘ਗੁਰੂ ਸੇਵਕ’। ਜੁਝਾਰ ਸਿੰਘ ਵਾਲੀ ਗੱਲ ਭੰਗੂ ਦਾ ਭੁਲੇਖਾ ਹੀ ਹੈ। ਅਸਲ ਵਿਚ ਜੁਝਾਰ ਸਿੰਘ ਉਸ ਦੇ ਪੋਤਰੇ ਦਾ ਨਾਂ ਸੀ। ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਕੈਦ ਹੋ ਕੇ ਸ਼ਹਾਦਤ ਦੇਣ ਸਮੇਂ ਗੁਰੂ ਦੇ ਨਾਂ ਤੇ ਸ਼ਹਾਦਤ ਦੇਣ ਬਾਰੇ ਭੰਗੂ ਲਿਖਦਾ ਹੈ:

ਆਗੈ ਭੀ ਸਿਰ ਗੁਰੂਅਨ ਦੀਓ।

ਹਮ ਭੀ ਚਾਹੈਂ ਉਸ ਸਾਕੋ ਕੀਯੋ।

ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੰਘ ਗੁਰਦਾਸ ਨੰਗਲ ਵਿਚ ਗੁਰੂ ਜੀ ਦਾ ਨਾਂ ਜਪਦੇ ਲੜਦੇ ਸਨ।

ਅਲੀ ਅਲੀ ਉਤ ਤੁਰਕ ਪੁਕਾਰੈ।

ਗੁਰੂ ਗੁਰੂ ਇਤ ਸਿੱਖ ਉਚਾਰੈ।

ਗਿਆਨੀ ਗਿਆਨ ਸਿੰਘ ਵੀ ਲਿਖਦੇ ਹਨ, ‘‘ਬਾਬਾ ਜੀ ਨਾਲ ਪਕੜੇ ਸਿੰਘ ਮੌਤ ਤੋਂ ਬੇਪਰਵਾਹ ਹੋ ਕੇ ਸ਼ਬਦ ਪੜ੍ਹਦੇ ਸਨ।’’ ਰਤਨ ਸਿੰਘ ਭੰਗੂ ਵੀ ਲਿਖਦਾ ਹੈ:

ਸ਼ਬਦ ਪੜ੍ਹੈ ਜੋ ਮਰਨੇ ਵਾਰੇ।

ਜੀਵਨ ਝੂਠੋ ਸ਼ਬਦ ਉਚਾਰੇ।

ਇਮ ਕਰ ਦੁਖ ਸੁਖ ਕਰ ਮਾਨਾ।

ਜੀਵਨ ਤਜ ਬਹਿ ਮਰਨ ਮਨ ਭਾਨਾ।

ਸਬਦਨ ਪੜ੍ਹੈ ਖੜਿ ਕਰੈਂ ਅਰਦਾਸਾ।

ਦੁਸ਼ਟ ਤੁਰਕਨ ਕੋ ਆਖੈ ਨਾਸ।

ਜਹਿ ਜਹਿ ਖਾਲਸੇ ਹੁਇ ਪਰਗਾਸ।

ਖਾਲਸੈ ਨਿਬਾਹੂ ਹ੍ਵੈਂ ਕੇਸੀ ਸਾਸ।

ਫਰੱਖਸੀਅਰ ਦੇ ਸਾਹਮਣੇ ਫਤਹਿ ਗੁੰਜਾਉਣ ਅਤੇ ‘ਸਤਿ ਸ੍ਰੀ ਅਕਾਲ’ ਕਹਿਣ ਵਾਲਾ ਬੰਦਾ ਸਿੰਘ ਕਿਵੇਂ ਧਰਮ ਤੋਂ ਬੇਮੁੱਖ ਸੀ।

ਡਾ. ਗੰਡਾ ਸਿੰਘ ਲਿਖਦੇ ਹਨ, ‘‘ਉਸ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੀ ਥਾਂ ਗੁਰੂ ਨਹੀਂ ਕਹਾਇਆ ਅਤੇ ਨਾ ਹੀ ਦਰਬਾਰ ਸਾਹਿਬ ਵਿਚ ਗੁਰੂ ਦੀ ਥਾਂ ਗਦੈਲਾ ਲਾ ਕੇ ਬੈਠਣ ਦੀ ਊਜ ਵਿਚ ਕੋਈ ਸੱਚਾਈ ਹੈ। ਜਦ ਉਹ ਅੰਮ੍ਰਿਤਸਰ ਜਾ ਹੀ ਨਹੀਂ ਸਕਿਆ ਤਾਂ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ। ਸਭ ਤੋਂ ਵੱਡੀ, ਵਧੀਆ ਅਤੇ ਭਰੋਸੇਯੋਗ ਗਵਾਹੀ ਜਉਨਪੁਰ ਖਾਲਸੇ ਨੂੰ ਲਿਖੇ ਹੁਕਮਨਾਮੇ ਤੋਂ ਪ੍ਰਗਟ ਹੁੰਦੀ ਹੈ, ‘‘ਸਰਬੱਤ ਖਾਲਸਾ ਜਉਨਪੁਰ ਕਾ ਗੁਰੂ ਰੱਖੇਗਾ। ਗੁਰੂ ਗੁਰੂ ਜਪਣਾ-ਤੁਸੀਂ ਅਕਾਲ ਪੁਰਖ ਕਾ ਖਾਲਸਾ ਹੋ। ਮੇਰਾ ਹੁਕਮ ਹੈ ਜੋ ਖਾਲਸੇ ਦੀ ਰਹਿਤ ਰਹੇਗਾ ਤਿਸ ਦੀ ਗੁਰੂ ਬਹੁੜੀ ਕਰੇਗਾ।’’ ਗੁਰੂ ਸ਼ਬਦ ਵੱਖਰਾ ਆਉਂਦਾ ਹੈ ਅਤੇ ਆਪਣੇ ਲਈ ਉਸ ਨੇ ‘ਮੇਰਾ’ ਸ਼ਬਦ ਵੱਖਰਾ ਵਰਤਿਆ ਹੈ।

ਭੰਗੂ ਸਾਹਿਬ ਪਹਾੜ ਵਿਚ ਜਾ ਕੇ ਗੁਰੂ ਹੋਣ ਦਾ ਐਲਾਨ ਹੋਇਆ ਕਹਿੰਦੇ ਹਨ। ਪਹਾੜ ਵਿਚ ਜਾ ਕੇ ਐਲਾਨ ਕਰਨ ਦੀ ਕੀ ਲੋੜ ਸੀ ਜਦ ਕਿ ਉਸ ਦੀ ਪ੍ਰਸਿੱਧੀ ਪਹਾੜਾਂ ਨਾਲੋਂ ਪੰਜਾਬ ਵਿਚ ਵਧੇਰੇ ਸੀ। ਪਹਾੜਾਂ ਵਿਚ ਤਾਂ ਉਸ ਨੇ ਗੁਪਤਵਾਸ ਕੀਤਾ ਸੀ। ਗੁਰੂ ਆਖ ਕੇ ਉਸ ਨੂੰ ਪ੍ਰਗਟ ਹੋਣ ਦੀ ਕੀ ਲੋੜ ਪੈ ਗਈ।

ਭੰਗੂ ਸਾਹਿਬ ਦਾ ਅਗਲਾ ਦੋਸ਼ ਹੈ ਕਿ ਬੰਦੇ ਨੇ ਮਾਤਾ ਸੁੰਦਰੀ ਨੂੰ ਕਿਹਾ ਕਿ ਮੈਂ ਤੁਹਾਡਾ ਸਿੱਖ ਨਹੀਂ ਮੈਂ ਬੈਰਾਗੀ ਸਾਧੂ ਹਾਂ। ਹੋ ਸਕਦਾ ਹੈ ਬੰਦਾ ਸਿੰਘ ਬਹਾਦਰ ਨੇ ਇਹ ਕਿਹਾ ਹੋਵੇ ਕਿਉਂਕਿ ਬਿਨੋਦ ਸਿੰਘ ਦੁਆਰਾ ਮਾਤਾ ਸੁੰਦਰੀ ਨੂੰ ਉਕਸਾਉਣ ਅਤੇ ਬਾਦਸ਼ਾਹ ਵਲੋਂ ਦਬਾ ਪਾ ਕੇ ਲਿਖਾਏ ਪੱਤਰ ਬਾਰੇ ਸ਼ੰਕਾ ਹੋ ਗਿਆ ਹੋਵੇ। ਭੰਗੂ ਲਿਖਦਾ ਹੈ:

ਜਬ ਮਾਤਾ ਸਰਾਪ ਕਰ ਦੀਆ।

ਬਯਾਕੁਲ ਬੰਦਾ ਤਿਸ ਦਿਨ ਤੇ ਥੀਆ।

ਅਤੇ

ਸਿਰੜ ਕਰੈ ਔ ਸੀਸ ਹਿਲਾਵੈ।

ਮੂੰਹੋਂ ਬਕੇ ਕਛ ਸਮਝ ਨਾ ਆਵੇ।

ਅਜਿਹੀ ਪਾਗਲਾਂ ਵਾਲੀ ਸਥਿਤੀ ਵਿਚ ਬੰਦਾ ਸਿੰਘ ਬਹਾਦਰ ਸਭ ਕੁਝ ਕਹਿ ਸਕਦਾ ਹੈ। ਅਜਿਹੀ ਸਥਿਤੀ ਵਿਚ ਆਪਣੇ ਆਪ ‘ਤੇ ਕਾਬੂ ਨਹੀਂ ਰਹਿੰਦਾ। ਬੰਦਾ ਸਿੰਘ ਮਾਤਾ ਸੁੰਦਰੀ ਨੂੰ ਕਹਿ ਰਿਹਾ ਹੈ ਕਿ ਮੈਂ ਤੁਹਾਡਾ ਸਿੱਖ ਨਹੀਂ ਭਾਵ ਕਿ ਉਹ ਮਾਤਾ ਸੁੰਦਰੀ ਦਾ ਸਿੱਖ ਨਹੀਂ ਗੁਰੂ ਜੀ ਦਾ ਹੈ ਜਿਨ੍ਹਾਂ ਦੇ ਮਿਸ਼ਨ ਨੂੰ ਸਿਰੇ ਚੜ੍ਹਾਉਣ ਲਈ ਉਸ ਨੇ ਆਪਣਾ ਸਾਰਾ ਜੀਵਨ ਲੇਖੇ ਲਾ ਦਿੱਤਾ ਹੈ। ਗੁਰੂ ਜੀ ਤੋਂ ਕਦੇ ਬੇਮੁੱਖ ਨਹੀਂ ਹੋਇਆ। ਅੰਮ੍ਰਿਤ ਛਕਣ ਪਿੱਛੋਂ ਉਸ ਨੇ ਕਦੀ ਵੀ ਬੈਰਾਗੀ ਸ਼ਬਦ ਆਪਣੇ ਨਾਂ ਨਾਲ ਨਹੀਂ ਜੋੜਿਆ। ਉਹ ਹਮੇਸ਼ਾ ਕਹਿੰਦਾ ਸੀ:

ਮੈਂ ਹੂੰ ਉਸੀ ਪੁਰਖ ਕਾ ਦਾਸਾ।

ਕੀਯੋ ਜਿਸ ਖਾਲਸਾ ਪ੍ਰਕਾਸ਼ਾ।

ਭੰਗੂ ਦਾ ਅਗਲਾ ਦੋਸ਼ ਹੈ, ‘‘ਮੈਂ ਫਤਹਿ ਦਰਸ਼ਨ ਬੋਲਾਂਗਾ ਅਤੇ ‘ਵਾਹਿਗੁਰੂ ਜੀ ਕੀ ਫਤਹਿ’ ਹਟਾਵਾਂਗਾ। ਇਹ ਠੀਕ ਹੈ ਕਿ ਉਸ ਨੇ ਜੰਗੀ ਨਾਹਰੇ ‘ਫਤਹਿ ਦਰਸ਼ਨ’ ਨੂੰ ਚਾਲੂ ਕੀਤਾ। ਡਾ. ਗੰਡਾ ਸਿੰਘ ਲਿਖਦੇ ਹਨ, ‘‘ਬੰਦਾ ਸਿੰਘ ਦੀ ਕਦੇ ਵੀ ਮਨਸ਼ਾ ਨਹੀਂ ਸੀ ਕਿ ਇਸਨੂੰ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਦੀ ਥਾਂ ਵਰਤਿਆ ਜਾਵੇਗਾ। ਕਿਉਂਕਿ ਹੌਲੀ ਹੌਲੀ ਇਸਦੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਦੀ ਥਾਂ ਵਰਤੇ ਜਾਣ ਦਾ ਡਰ ਪੈ ਗਿਆ ਜਾਪਦਾ ਸੀ। ਇਸ ਲਈ ਖਾਲਸੇ ਨੇ ਇਸ ਨੂੰ ਅਪ੍ਰਵਾਨ ਕਰ ਦਿੱਤਾ। ਬੰਦਾ ਸਿੰਘ ਨੇ ਇਸ ਦੇ ਜਾਰੀ ਰੱਖਣ ਲਈ ਕੋਈ ਅੜੀ ਨਹੀਂ ਕੀਤੀ। ਇਸ ਲਈ ਇਸ ਸਬੰਧ ਵਿਚ ਬੰਦਾ ਸਿੰਘ ਅਤੇ ਖਾਲਸੇ ਦਰਮਿਆਨ ਕੋਈ ਮੱਤਭੇਦ ਵੀ ਨਹੀਂ ਹੋਇਆ।’’ ਇਹ ਆਪਣੇ ਆਪ ਹੀ ਬੰਦ ਹੋ ਗਿਆ ਸੀ ਤੇ ਖਾਲਸਾ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਹੀ ਗੁੰਜਾਉਂਦਾ ਰਿਹਾ।

ਭੰਗੂ ਜੀ ਅਗਲਾ ਦੋਸ਼ ਲਾਉਂਦੇ ਹਨ, ‘‘ਉਹ ਕਹਿੰਦਾ ਸੀ ਗੁਰੂ ਦਾ ਪੰਥ ਖੋਟਾ ਹੈ ਮੈਂ ਆਪਣਾ ਪੰਥ ਚਲਾਵਾਂਗਾ। ਮੈਂ ਸੋਢੀਆਂ ਤੋਂ ਵੱਡਾ ਸ਼ਕਤੀਵਾਨ ਹਾਂ।’’ ਉਹ ਆਪ ਹੀ ਲਿਖ ਰਿਹਾ ਹੈ ਜੋ ਆਪਾ ਵਿਰੋਧੀ ਹੈ:

ਆਗੈ ਭੀ ਸਿਰ ਗੁਰੂਅਨ ਦੀਓ।

ਹਮ ਭੀ ਚਹੈਂ ਉਸ ਸਾਕੋ ਕੀਯੋ।

ਉਹ ਆਪ ਸਿਰ ਦੇ ਕੇ ਗੁਰੂਆਂ ਜਿਹਾ ਸਾਕਾ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਦੀ ਸ਼ਰਧਾ ਰੱਖਣ ਵਾਲਾ ਬੰਦਾ ਸਿੰਘ ਬਹਾਦਰ ਕਿਵੇਂ ਕਹਿ ਸਕਦਾ ਹੈ ਕਿ ਗੁਰੂ ਦਾ ਪੰਥ ਖੋਟਾ ਹੈ। ਬੰਦਾ ਸਿੰਘ ਬਹਾਦਰ ਦੀ ਜਿ਼ੰਦਗੀ ਵਿਚ ਕੋਈ ਵੱਖਰੀ ਸੰਪਰਦਾਇ ਵੀ ਖੜੀ ਨਹੀਂ ਹੋਈ। ਨਾ ਹੀ ਖਾਲਸੇ ਅਤੇ ਦੂਸਰੇ ਉਨ੍ਹਾਂ ਲੋਕਾਂ ਵਿਚਾਲੇ ਜੋ ਬੰਦਾ ਸਿੰਘ ਬਹਾਦਰ ਦੇ ਬਚਨਾਂ ਨੂੰ ਸਤਿ ਕਰਕੇ ਪ੍ਰਵਾਨ ਕਰਨ ਦੇ ਹੱਕ ਵਿਚ ਸਨ, ਕੋਈ ਖੱਟ-ਪੱਟ ਹੋਈ। ਜੇਕਰ ਉਹ ਸੋਢੀਆਂ ਤੋਂ ਵੱਡਾ ਸ਼ਕਤੀਵਾਨ ਕਹਾਉਂਦਾ ਸੀ ਤਾਂ ਆਪਣੇ ਨਾਂ ਨਾਲ ਸੋਢੀ ਕਿਉਂ ਜੋੜਦਾ। ਉਹ ਤਾਂ ਆਪਣਾ ਵੰਸ਼ ਛੱਡ ਕੇ ਸੋਢੀ ਕਹਾਇਆ।

ਭੰਗੂ ਦਾ ਅਗਲਾ ਦੋਸ਼ ਹੈ, ‘ਮੈਂ ਵਾਹਿਗੁਰੂ ਨਹੀਂ ਜਪਾਂਗਾ।’ ਭਲਾ ਉਹ ਪੁਰਖ ਆਪ ਵਾਹਿਗੁਰੂ ਕਿਉਂ ਨਹੀਂ ਜਪੇਗਾ ਜਿਹੜਾ ਹੁਕਮਨਾਮਿਆਂ ਵਿਚ ਦੂਜਿਆਂ ਨੂੰ ਵਾਹਿਗੁਰੂ ਜਪਣ ਦਾ ਉਪਦੇਸ਼ ਦਿੰਦਾ ਹੈ। ਭੰਗੂ ਤਾਂ ਆਪ ਇਸੇ ਦਾ ਖੰਡਨ ਕਰਦਿਆਂ ਲਿਖਦਾ ਹੈ:

ਵਾਹਿਗੁਰੂ ਕਾ ਜਾਪ ਜਪਾਵੈ।

ਜੋ ਮਾਂਗੇ ਤਿਸ ਸੋਊ ਦਿਵਾਵੈ।

ਬੰਦਾ ਖਾਲਸੈ ਦੀਵਾਨ ਲਗਵਾਵੈ।

ਵਾਹਿਗੁਰੂ ਕੀ ਫਤਹਿ ਬੁਲਾਵੈ।

ਅਕਾਲ ਉਸਤਿਤ ਵਾਚ ਚੰਡੀ ਪੜ੍ਹਾਵੈ।

ਅਕਾਲ ਅਕਾਲ ਕਾ ਜਾਪ ਜਪਾਵੈ।

ਭੰਗੂ ਦਾ ਦੋਸ਼ ਹੈ, ‘‘ਉਸਨੇ ਮੰਡੀ ਦੀ ਇਕ ਰੰਡੀ ਨਾਲ ਵਿਆਹ ਕਰ ਲਿਆ ਅਤੇ ਜਤ ਨਾ ਰੱਖ ਕੇ ਗੁਰੂ ਆਗਿਆ ਦਾ ਉਲੰਘਣ ਕੀਤਾ। ਬੰਦਾ ਸਿੰਘ ਬਹਾਦਰ ਦਾ ਪਹਿਲਾ ਵਿਆਹ ਚੰਬੇ ਦੇ ਰਾਜੇ ਦੀ ਭਤੀਜੀ ਸੁਸ਼ੀਲ ਕੌਰ ਨਾਲ ਅਤੇ ਦੂਜਾ ਵਿਆਹ ਹਰੀ ਰਾਮ ਖੱਤਰੀ ਦੀ ਲੜਕੀ ਸਾਹਿਬ ਕੌਰ ਨਾਲ ਪੂਰਨ ਵਿਧੀ ਅਨੁਸਾਰ ਹੋਇਆ। ਗੁਰੂ ਜੀ ਨੇ ਬੰਦਾ ਸਿੰਘ ਨੂੰ ਜਤੀ ਰਹਿਣ ਲਈ ਕਿਹਾ ਸੀ। ਆਪਣੀਆਂ ਇਸਤਰੀਆਂ ਨਾਲ ਸੰਬੰਧ ਜਤ ਵਿਚ ਗਿਣੇ ਜਾਂਦੇ ਹਨ, ਵਿਭਚਾਰ ਨਹੀਂ। ਬਾਬਾ ਵਿਨੋਦ ਸਿੰਘ ਵਰਗੇ ਅਜਿਹਾ ਦੋਸ਼ ਲਾਉਣ ਵਾਲੇ ਆਪ ਵੀ ਤਾਂ ਵਿਆਹੇ ਹੋਏ ਸਨ। ਪੁੱਤ-ਪੋਤਿਆਂ ਵਾਲੇ ਸਨ। ਡਾ. ਗੰਡਾ ਸਿੰਘ ਲਿਖਦੇ ਹਨ, ‘‘ਇਹ ਠੀਕ ਹੈ ਕਿ ਉਸ ਨੇ ਵਿਆਹ ਕਰ ਲਿਆ ਸੀ, ਪਰ ਇਸ ਵਿਚ ਉਸਨੇ ਗੁਰੂ ਜੀ ਦੇ ਕਿਸੇ ਹੁਕਮ ਜਾਂ ਖਾਲਸੇ ਦੀ ਰਹਿਤ ਦੀ ਉਲੰਘਣਾ ਨਹੀਂ ਸੀ ਕੀਤੀ, ਉਸ ਨੇ ਕੋਈ ਕੁਰਹਿਤ ਨਹੀਂ ਕੀਤੀ। ਵਿਆਹ ਕਰਨਾ ਸਿੱਖੀ ਵਿਚ ਵਿਵਰਜਿਤ ਗੱਲ ਨਹੀਂ ਬਲਕਿ ਸੰਸਾਰ-ਤਿਆਗੀ ਜੀਵਨ ਨੂੰ ਸਿੱਖੀ ਕੋਈ ਬਹੁਤਾ ਉੱਚਾ ਜੀਵਨ ਨਹੀਂ ਸਮਝਦੀ। ਇਸ ਲਈ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਨੂੰ ਕੋਈ ਅਜਿਹਾ ਹੁਕਮ ਨਹੀਂ ਸੀ ਦੇ ਸਕਦੇ ਅਤੇ ਨਾ ਹੀ ਕੋਈ ਸਮਕਾਲੀ ਲਿਖਤ ਜਾਂ ਹੁਕਮਨਾਮਾ ਹੈ ਜਿਸ ਵਿਚ ਕਿਸੇ ਐਸੇ ਹੁਕਮ ਦਾ ਜਿ਼ਕਰ ਹੋਵੇ।... ਉਸ ਨੇ ਆਪਣੀ ਵਿਆਹੀ ਇਸਤਰੀ ਤੋਂ ਬਿਨਾਂ ਕਿਸੇ ਨਾਲ ਕੁਸੰਗ ਨਹੀਂ ਕੀਤਾ।

ਗੁਰੂ ਗੋਬਿੰਦ ਸਿੰਘ ਤਾਂ ਆਪ ਕਹਿੰਦੇ ਹਨ:

ਨਿਜ ਨਾਰੀ ਕੇ ਸਾਥ ਨੇਹ ਤੁਮ ਨਿੱਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ। (ਚਰਿਤ੍ਰ 21, 51)

ਗੁਜਰਾਤ ਦੇ ਸਾਹਦੌਲਾ ਦੇ ਚੇਲਿਆਂ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਛੇਵੇਂ ਪਾਤਸ਼ਾਹ ਹਰਿਗੋਬਿੰਦ ਸਿੰਘ ਜੀ ਕਹਿੰਦੇ ਹਨ, ‘‘ਔਰਤ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ।’’

ਅਗਲਾ ਦੋਸ਼ ਹੈ ਕਿ ਉਹ ਸੂਹੇ ਕਪੜੇ ਪਹਿਨਦਾ ਸੀ। ਕੀ ਬੰਦਾ ਸਿੰਘ ਬਹਾਦਰ ਦੁਆਰਾ ਲਾਲ ਕੱਪੜੇ ਪਹਿਨਣਾ ਆਪਸ ਵਿਚ ਪਏ ਵਿਵਾਦ ਦਾ ਕਾਰਨ ਪਹਿਲਾਂ ਦਾ ਸੀ ਜਾਂ ਇਹ ਗੱਲ ਵਿਵਾਦ ਦੇ ਪੈਦਾ ਹੋਣ ਤੋਂ ਪਿੱਛੋਂ ਉਭਰੀ? ਜੇ ਉਹ ਪਹਿਲਾਂ ਤੋਂ ਹੀ ਲਾਲ ਕੱਪੜੇ ਪਹਿਨਦਾ ਸੀ ਤਾਂ ਖਾਲਸੇ ਨੇ ਪਹਿਲਾਂ ਕਿਉਂ ਇਤਰਾਜ਼ ਨਾ ਕੀਤਾ? ਹੁਣ ਕਿਉਂ ਕੀਤਾ? ਐਨਾ ਲੰਮਾ ਸਮਾਂ ਤੱਤ ਖਾਲਸੇ ਵਾਲੇ ਚੁੱਪ ਕਿਉਂ ਰਹੇ? ਇਸ ਦਾ ਕਾਰਨ ਤਾਂ ਸਿਰਫ ਬੰਦਾ ਸਿੰਘ ਬਹਾਦਰ ਦੀ ਪ੍ਰਭਾਵਸ਼ਾਲੀ ਪ੍ਰਤਿਭਾ ਕਾਰਨ ਕੁਝ ਦੂਜੇ ਸਿੰਘਾਂ ਦੇ ਮਨਾਂ ਵਿਚ ਪੈਦਾ ਹੋਈ ਈਰਖਾ ਸੀ।

ਅਗਲਾ ਦੋਸ਼ ਹੈ ਕਿ ਉਹ ਸਿੱਖ ਰਹਿਤ ਮਰਿਯਾਦਾ ਅਨੁਸਾਰ ਮਾਸ ਨਹੀਂ ਖਾਂਦਾ ਸੀ। ਹਿਰਨੀ ਦੇ ਮਾਰਨ ਵਾਲੀ ਘਟਨਾ ਅਤੇ ਬੱਚਿਆਂ ਦੇ ਤੜਪ ਤੜਪ ਕੇ ਮਰਨ ਦੀ ਘਟਨਾ ਦਾ ਉਸ ਦੇ ਦਿਲ ‘ਤੇ ਐਨਾ ਡੂੰਘਾ ਅਸਰ ਹੋਇਆ ਕਿ ਸਿੱਖ ਬਣ ਕੇ ਵੀ ਉਹ ਲੋਕਾਂ ਨੂੰ ਮਾਸ ਖਾਣ ਤੋਂ ਵਰਜਦਾ ਸੀ। ਇਹ ਧਾਰਮਕ ਖਿਆਲ ਕਰਕੇ ਨਹੀਂ ਸਗੋਂ ਇਸ ਘਟਨਾ ਦਾ ਦ੍ਰਿਸ਼ ਉਸ ਦੀਆਂ ਅੱਖਾਂ ਤੋਂ ਦੂਰ ਨਹੀਂ ਸੀ ਹੁੰਦਾ। ਜਿਹੜੇ ਸਿੱਖ ਮਾਸ ਖਾਂਦੇ ਸਨ ਉਹ ਉਨ੍ਹਾਂ ਨਾਲ ਕਦੇ ਨਾਰਾਜ਼ ਨਹੀਂ ਸੀ ਹੋਇਆ। ਲੋਹਗੜ੍ਹ ਤੇ ਗੁਰਦਾਸ ਨੰਗਲ ਦੇ ਘੇਰੇ ਵਿਚ ਬਲਦ, ਘੋੜੇ, ਗਧੇ ਆਦਿ ਜਾਨਵਰ ਮਾਰ ਕੇ ਸਿੱਖਾਂ ਨੇ ਖਾਧੇ, ਓਦੋਂ ਉਹ ਨਾਲ ਹੀ ਸੀ। ਗੁਰਦਾਸ ਨੰਗਲ ਦੀ ਗੜ੍ਹੀ ਵਿਚ ਤੱਤ ਖਾਲਸੇ ਦੇ ਹਮਾਇਤੀਆਂ ਦਾ ਕਹਿਣਾ ਕਿ ਜੇ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈਂ ਤਾਂ ਮਾਸ ਖਾਹ, ਸਿੱਖ ਧਰਮ ਧਾਰਨ ਕਰਨ ਪਿੱਛੋਂ ਜੇ ਕੋਈ ਮਾਸ ਨਹੀਂ ਖਾਂਦਾ ਤਾਂ ਉਹ ਅਸਿੱਖ ਨਹੀਂ ਬਣ ਜਾਂਦਾ।

ਬੰਦਾ ਸਿੰਘ ਬਹਾਦਰ ਤੇ ਇਹ ਦੋਸ਼ ਵੀ ਲਾਇਆ ਜਾਂਦਾ ਹੈ, ‘ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਪਾਤਸ਼ਾਹੀ ਨਹੀਂ ਸੀ ਦਿੱਤੀ, ਖਾਲਸੇ ਦੀ ਖਿਦਮਤ ਦਿੱਤੀ ਸੀ। ਪਰ ਇਸ ਦੇ ਉਲਟ ਬੰਦਾ ਪਾਤਸ਼ਾਹੀ ਤੇ ਦਾਅਵਾ ਰੱਖਦਾ ਸੀ। ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਨਾਲ ਸ਼ਹਿਨਸ਼ਾਹ, ਪਾਤਸ਼ਾਹ ਰਾਜਾ, ਮਹਾਰਾਜਾ, ਫੌਜਦਾਰ, ਸੂਬੇਦਾਰ ਅਤੇ ਨਵਾਬ ਆਦਿ ਰਾਜ ਸੱਤਾ ਨਾਲ ਜੁੜੇ ਸ਼ਬਦਾਂ ਦੀ ਕਦੇ ਵੀ ਵਰਤੋਂ ਨਹੀਂ ਕੀਤੀ। ਉਸ ਨੇ ਤਾਂ ਕਦੇ ਜਥੇਦਾਰ ਵੀ ਨਹੀਂ ਕਹਾਇਆ। ਉਹ ਤਾਂ ਕੇਵਲ ‘ਗੁਰੂ ਦਾ ਬੰਦਾ’ ਹੋਣ ਵਿਚ ਹੀ ਮਾਣ ਸਮਝਦਾ ਸੀ। ਜੇ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਨੀਂਹ ਰੱਖ ਕੇ ਸਿੱਕੇ ਚਲਾਏ ਤਾਂ ਸ਼ਹਿਨਸ਼ਾਹਾਂ ਵਾਂਗ ਸਿੱਕਿਆਂ ‘ਤੇ ਆਪਣਾ ਨਾਂ ਨਹੀਂ ਲਿਖਵਾਇਆ। ਆਪਣੇ ਰਾਜ ਦੇ ਸਮੇਂ ਉਸ ਦੀਆਂ ਜਾਰੀ ਕੀਤੀਆਂ ਮੋਹਰਾਂ ਅਤੇ ਸਿੱਕਿਆਂ ਉੱਪਰ ਲਿਖਤਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਲਈ ਉਸ ਦੀ ਅਪਾਰ ਸ਼ਰਧਾ ਦੀਆਂ ਜੀਉਂਦੀਆਂ ਜਾਗਦੀਆਂ ਯਾਦਗਾਰਾਂ ਹਨ।

ਅਗਲਾ ਦੋਸ਼ ਹੈ, ‘‘ਗੁਰੂ ਸਾਹਿਬ ਦਾ ਹੁਕਮ ਸਰਹੰਦ ਸ਼ਹਿਰ ਨੂੰ ਉਜਾੜਨ ਦਾ ਸੀ ਪਰ ਬੰਦੇ ਨੇ ਸ਼ਹਿਰ ਨੂੰ ਉਜਾੜਨ ਤੋਂ ਰੋਕਿਆ। ਇਸ ਕਰਕੇ ਉਸ ਨੂੰ ਖੁਆਰ ਹੋਣਾ ਪਿਆ।’’

ਪ੍ਰਿੰ. ਸਤਿਬੀਰ ਸਿੰਘ ਅਤੇ ਡਾ. ਗੰਡਾ ਸਿੰਘ ਅਨੁਸਾਰ ਤਿੰਨ ਦਿਨਾਂ ਤੱਕ ਚੱਲੀ ਲੁਟਮਾਰ ਤੇ ਕਤਲੋਗਾਰਤ ਤੋਂ ਪਿੱਛੋਂ ਹਿੰਦੂ ਵਸਨੀਕ ‘ਤਰਸ ਕਰੋ’ ਦੀ ਫਰਿਆਦ ਲੈ ਕੇ ਬੰਦਾ ਸਿੰਘ ਬਹਾਦਰ ਕੋਲ ਆਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਖਤੀ ਨਾਲ ਹੁਕਮ ਭੇਜੇ ਕਿ ਲੁੱਟ ਤੇ ਕਤਲੇਆਮ ਬੰਦ ਕੀਤੀ ਜਾਵੇ। ਉਸ ਨੇ ਜਾਨ ਬਖਸ਼ੀ ਕਰ ਦਿੱਤੀ ਅਤੇ ਸ਼ਹਿਰ ਨੂੰ ਉੱਕਾ ਹੀ ਬਰਬਾਦ ਹੋਣ ਤੋਂ ਬਚਾ ਲਿਆ। ‘ਤਰਸ ਕਰੋ’ ਦੀ ਬੇਨਤੀ ਕਰਨ ਵਾਲੇ ਜ਼ਾਲਮ ਨਹੀਂ ਹੋਣੇ। ਤਿੰਨ ਦਿਨਾਂ ਵਿਚ ਜ਼ਾਲਮਾਂ ਦਾ ਖਾਤਮਾ ਹੋ ਗਿਆ ਹੋਵੇਗਾ। ਸੋ ਬੰਦਾ ਸਿੰਘ ਬਹਾਦਰ ਨੇ ਮਜ਼ਲੂਮਾਂ ਤੇ ਤਰਸ ਕਰਕੇ ਗੁਰੂ ਜੀ ਦੇ ਉਪਦੇਸ਼ਾਂ ਦੀ ਕੋਈ ਉਲੰਘਣਾ ਨਹੀਂ ਕੀਤੀ।

ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖ ਲਹਿਰ ਇਕ ਅਜਿਹੀ ਹਨ੍ਹੇਰੀ ਬਣ ਕੇ ਝੁੱਲੀ ਜਿਸ ਦੇ ਅੱਗੇ ਜ਼ੁਲਮ ਦੇ ਵੱਡੇ ਵੱਡੇ ਗੜ੍ਹ ਕੱਖਾਂ-ਕਾਨਿਆਂ ਵਾਂਗ ਉਡ ਗਏ। ਇਹ ਗੱਲ ਧਿਆਨ ਵਿਚ ਰੱਖੇ ਜਾਣ ਦੀ ਲੋੜ ਹੈ ਕਿ ਇਸ ਲਹਿਰ ਨੇ ਜ਼ੁਲਮ ਤੇ ਜ਼ਾਲਮ ਦਾ ਨਾਸ਼ ਕੀਤਾ ਆਮ ਨਾਗਰਿਕਾਂ ਦਾ ਨਹੀਂ।

ਪਰਾਇਆਂ ਦੀਆਂ ਅੱਖਾਂ ਵਿਚ ਤਾਂ ਕਾਲਾ ਮੋਤੀਆ ਫਿਰਕਾਪ੍ਰਸਤੀ ਦਾ ਉਤਰਨ ਕਰਕੇ ਮੁਸਲਮਾਨਾਂ ਨੂੰ ਉਹ ਲੁਟੇਰਾ, ਹਤਿਆਰਾ ਆਦਿ ਅਤੇ ਹਿੰਦੂਆਂ ਨੂੰ ਹਿੰਦੂ ਕੌਮ ਦੇ ਖੁੱਸੇ ਗੌਰਵ ਨੂੰ ਪੁਨਰਜਾਗਰਤ ਕਰਨ ਵਾਲਾ ਸੂਰਬੀਰ ਲੱਗ ਸਕਦਾ ਹੈ ਪਰ ਜੋ ਅਨਰਥ ਇਸ ਮਹਾਨ ਸੂਰਬੀਰ ਨਾਲ ਤੱਤ ਖਾਲਸੇ ਵਾਲਿਆਂ ਨੇ ਅਤੇ ਫਿਰ ਸਿੱਖ ਲਿਖਾਰੀਆਂ ਨੇ ਕੀਤਾ ਹੈ ਉਹ ਅਸਹਿਣਯੋਗ ਹੈ। ਬੰਦਾ ਸਿੰਘ ਬਹਾਦਰ ਤਾਂ ਉਹ ਜਰਨੈਲ ਸੀ ਜਿਸ ਨੇ ਜ਼ੁਲਮ ਮਧੋਲੀ ਕੌਮ ਨੂੰ ਇਹ ਅਹਿਸਾਸ ਕਰਵਾਇਆ ਕਿ ਜ਼ੁਲਮ ਅਤੇ ਜਬਰ ਨਾਲ ਹਮੇਸ਼ਾਂ ਲਈ ਲੋਕਾਂ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ।

*ਬੇਕਰਜ਼ਫੀਲਡ, ਕੈਲੀਫੋਰਨੀਆ।