ਗੁਰੂ ਸਾਹਿਬ ਨੇ ਦਸ ਜਾਮਿਆਂ ਵਿਚ ਕਰੜੀ ਘਾਲ‐ਕਮਾਈ ਉਪਰੰਤ ਖੰਡੇ ਦੀ ਪਾਹੁਲ ਵਿਚੋਂ ਐਸੀ ਅਲੌਕਿਕ ਤਾਕਤ ਨੂੰ ਜਨਮ ਦਿੱਤਾ,ਜਿਸ ਨੂੰ ਅਕਾਲ ਪੁਰਖ ਕੀ ਫੌਜ ਕਹਿ ਕੇ ਨਿਵਾਜਿਆ। ਉਹ ਹੈਂ,ਖ਼ਾਲਸਾ। ਖ਼ਾਲਸੇ ਨੂੰ ਆਦੇਸ਼ ਹੋਇਆ ਕਿ ਮਾਇਆਵੀ ਪ੍ਰਭਾਵਾਂ ਤੋਂ ਉਤਾਂਹ ਉਠ ਕੇ ਗੁਰੂ ਵਾਲਾ ਬਣ ਜ਼ੁਰਮ ਦਾ ਨਾਸ਼ ਕਰਨ ਲਈ ਜੂਝਦਾ ਰਹੇ, ਅੰਤ ਨੂੰ ਫਤਹਿ ਗੁਰੂ ਦੀ ਹੀ ਹੋਵੇਗੀ, ਖ਼ਾਲਸੇ ਨੇ ਅਜਿਹਾ ਹੀ ਕੀਤਾ। ਪਰ ਸਮੇਂ ਦੇ ਹੁਕਮਰਾਨਾਂ ਨੇ ਪ੍ਰਾਰੰਭ ਤੋਂ ਹੀ ਆਪਣੀ ਤਾਕਤ ਦੇ ਬਲ ਨਾਲ ਕਈ ਤਰਾਂ ਦੇ ਅਣਮਨੁੱਖੀ ਹੱਥ-ਕੰਡੇ ਵਰਤ ਕੇ ਖ਼ਾਲਸੇ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਹਰਕਤਾਂ ਜਾਰੀ ਰੱਖੀਆਂ। ਬੰਦ-ਬੰਦ ਕੱਟੇ ਗਏ,ਸਿਰਾਂ ਦੇ ਮੁੱਲ ਪੈ ਗਏ,ਖੋਪਰ ਉਤਾਰੇ ਗਏ, ਆਰਿਆਂ ਨਾਲ ਦੋ-ਫਾੜ ਕਰ ਦਿੱਤੇ ਗਏ, ਅਨੇਕਾਂ ਵਾਰ ਵਿਸਾਹਘਾਤਾਂ ਦਾ ਸ਼ਿਕਾਰ ਹੋਏ,ਪਰ ਹਰ ਵਾਰ ਅੰਤ ਦੁਸ਼ਮਣਾ ਦੇ ਨਿਰਾਸ਼ਤਾ ਹੀ ਪੱਲੇ ਪਈ। ਜਿਤਨੀ ਵਾਰ ਸਿੱਖੀ ਉੱਤੇ ਤਸ਼ੱਦਦ ਹੋਇਆਂ,ਉਤਨੀ ਵਾਰ ਸਿੱਖ ਹੋਰ ਵਧੇਰੇ ਨਿੱਖਰੇ। ਸਗੋਂ ਇਕ ਐਸਾ ਇਤਿਹਾਸ ਸਿਰਜ ਗਏ ਜਿਹੜਾ ਮੋਈਆਂ ਰੂਹਾਂ ਵਿਚ ਵੀ ਜਾਨ ਪਾ ਦੇਂਦਾ ਹੈ।
ਸਿੱਖੀ ਤਾਂ ਮੁਕਾ ਨਾ ਹੋਈ,ਹੁਣ ਇਹਨਾਂ ਲੋਕਾਂ ਨੂੰ ਸਿੱਖਾਂ ਦਾ ਇਤਿਹਾਸ ਮੁਕਾਉਣ ਦਾ ਫਿਕਰ ਪੈ ਗਿਆ ਹੈ। ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ ਕਰਨ ਦੀਆਂ ਅਨੇਕਾਂ ਸਾਜਿਸ਼ਾਂ ਨਿਰੰਤਰ ਚੱਲ ਰਹੀਆਂ ਹਨ। ਅਨੇਕਾਂ ਹੀ ਸਿੱਖੀ ਸਿਧਾਂਤਾਂ ਅਤੇ ਮਹਾਨ ਸਿੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾ ਕੇ ਆਮ ਪਾਠਕਾਂ ਅਤੇ ਸੰਗਤਾਂ ਨੂੰ ਕੁਰਾਹੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਖ਼ੈਰ, ਕੁਝ ਵੀ ਹੋਵੇ, ਖ਼ਾਲਸਾਈ ਸ਼ਾਨੋਂ-ਸ਼ੋਕਤ ਨਾ ਕੋਈ ਮੁਕਾ ਸਕਿਆ ਹੈ ਤੇ ਨਾ ਕਦੀ ਮੁਕਣੀ ਹੈ। ਸੰਕਟ ਤੇ ਚੁਨੌਤੀਆਂ ਕੌਮ ਦੇ ਜਿਉਂਦੇ ਹੋਣ ਦੀਆਂ ਨਿਸ਼ਾਨੀਆਂ ਹਨ। ਅਜੋਕੀਆਂ ਪ੍ਰਸਥਿਤੀਆਂ ਵਿੱਚ ਜਦੋਂ ਕਿ ਸਾਡੀਆਂ ਬਹੁਤੀਆਂ ਪੰਥਕ ਕਹਾਉਣ ਵਾਲੀਆਂ ਜਥੇਥੰਦੀਆਂ ਆਪਣੇ ਆਪਣੇ ਧੜੇ ਨੂੰ ਵਡਿਆਉਣ ਦੇ ਚੱਕਰਾਂ ਵਿਚ ਪੈ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਵੇਸਲੀਆਂ ਹੋ ਚੁੱਕੀਆਂ ਹਨ ਸਿੱਟੇ ਵਜੋਂ ਬੁਹਤ ਸਾਰੀਆਂ ਸੌੜੀ ਸੋਚ ਵਾਲੀਆਂ ਸੰਸਥਾਵਾਂ ਨੇ ਸਿੱਖ ਸਿਧਾਤਾਂ ਨੂੰ ਤਰੋੜ-ਮੁਰੜ ਕੇ ਪੇਸ਼ ਕਰਨ ਲਈ ਕਲਮਾਂ ਘੜ ਲਈਆਂ ਹਨ। ਇਹਨਾਂ ਵਿੱਚੋਂ ਰਾਸ਼ਟਰੀ ਸਿੱਖ ਸੰਗਤ ਪ੍ਰਮੁੱਖ ਹੈ। ਇਸ ਲੇਖ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਵਿਚ ਪਾਏ ਸਿਧਾਂਤਕ ਭੁਲੇਖਿਆਂ ਦੀ ਅਸਲੀਅਤ ਤੇ ਚਾਨਣਾ ਪਾਉਂਦੇ ਹਾਂ। ਇਸ ਮਹਾਨ ਜਰਨੈਲ ਦੀ ਸੂਝ-ਬੂਝ ਦਾ ਵੀ ਟੂਕ ਮਾਤਰ ਜ਼ਿਕਰ ਕਰਾਂਗੇ।
ਸਰਸਾ ਦੇ ਕੰਢੇ ਉਤੇ ਪਰਿਵਾਰ ਵਿਛੋੜੇ ਅਤੇ ਘਮਸਾਨ ਦੇ ਯੁੱਧ ਉਪਰੰਤ,ਚਮਕੌਰ ਦੀ ਗੜ੍ਹੀ ਵਿਖੇ ਦੋ ਸਾਹਿਬਜ਼ਾਦਿਆਂ ਅਤੇ ਜਾਨ ਤੋਂ ਪਿਆਰੇ ਸਿੰਘਾਂ ਨੂੰ ਅੱਖਾਂ ਸਾਹਮਣੇ ਜਾਮ-ਏ-ਸ਼ਾਹਦਤ ਪੀਂਦੇ ਵੇਖਣ ਪਿੱਛੋਂ ਗੁਰੂ ਜੀ ਦੱਖਣ ਵੱਲ ਚਲੇ ਗਏ। ਨੰਦੇੜ ਵਿਖੇ ਵਿਚਰਦਿਆਂ ਮਾਧੋਦਾਸ ਨਾਮ ਦੇ ਇਕ ਘਮੰਡੀ ਯੋਗੀ ਨੂੰ ਸੱਚ ਦਾ ਮਾਰਗ ਦਿਖਾ ਅੰਮ੍ਰਿਤ ਦੀ ਦਾਤ ਬਖ਼ਸ਼,ਸਿੰਘ ਸਜਾ ਖ਼ਾਲਸਾ ਫੌਜ ਦਾ ਜਥੇਦਾਰ ਥਾਪ ਕੇ ਜ਼ੁਲਮ ਦਾ ਨਾਸ਼ ਕਰਨ ਅਤੇ ਦੋਸ਼ੀਆਂ ਨੂੰ ਦੰਡ ਦੇਣ ਵਾਸਤੇ ਪੰਜਾਬ ਵੱਲ ਭੇਜਿਆ। ਬੰਦਾ ਸਿੰਘ ਬਹਾਦਰ ਦੇ ਮਹਾਨ ਕਾਰਨਾਮਿਆਂ ਤੋਂ ਪ੍ਰਭਾਵਤ ਹੋ ਕੇ ਕਈ ਗ਼ੈਰ ਸਿੱਖ ਲੇਖਕਾਂ ਨੇ ਪ੍ਰੇਰਨਾਂ ਲੈਣ ਦੀ ਬਜਾਏ ਮਜ਼ਹਬੀ ਜਨੂੰਨ ਹੇਠ,ਇਤਿਹਾਸਕ ਤੱਥਾਂ ਨੂੰ ਅਦ੍ਰਿਸ਼ਟ ਕਰ ਕੇ ਇਹ ਸਾਬਤ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਬੰਦਾ ਬੈਰਾਗੀ ਨੂੰ ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਨਹੀਂ ਬਖ਼ਸ਼ੀ।
ਬੰਦਾ ਬੈਰਾਗੀ ਦਾ ਲੇਖਕ ਪਰਮਾਨੰਦ ਅਜਿਹੇ ਲੇਖਕਾਂ ਵਿਚੋਂ ਪ੍ਰਮੁੱਖ ਹੈ। ਸਾਹਿਬ-ਏ-ਕਮਾਲ ਦੇ ਕਰਤਾ ਲਾਲਾ ਦੌਲਤ ਰਾਏ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਸਾਬਤ ਕਰਨ ਦੇ ਸੰਬੰਧ ਵਿਚ ਕੁਝ ਮਨਘੜਤ ਦਲੀਲਾਂ ਵੀ ਪੇਸ਼ ਕੀਤੀਆਂ ਅਤੇ ਇਤਿਹਾਸਕ ਤੱਥਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ।
ਪੰਨਾ 192 ਉਪਰ-ਗੁਰੂ ਜੀ ਨੇ ਉਸ ਵਿਚ ਕਸ਼ੱਤਰੀਆ ਸਪਿਰਟ ਵੇਖੀ ਅਤੇ ਅੰਦਾਜ਼ਾ ਲਗਾਇਆਂ ਕਿ ਉਸ ਅੰਦਰ ਹਿੰਦੂ ਧਰਮ ਲਈ ਕੁਰਬਾਨੀ ਦਾ ਜਜ਼ਬਾ ਹੈ। (ਸਾਹਿਬ-ਏ ‐ਕਮਾਲ)
ਬੜੀ ਅਜੀਬ ਗੱਲ ਹੈ ਕਿ ਬੰਦੇ ਬੈਰਾਗੀ ਦੀ ਕਸ਼ੱਤਰੀਆਂ ਸਪਿਰਟ ਉਸ ਸਮੇਂ ਕਿਥੇ ਗਈ ਸੀ ਜਦੋਂ ਦੋ ਹਿਰਨੀਆਂ ਦੇ ਬੱਚਿਆਂ ਦੇ ਕਤਲਾਂ ਨੂੰ ਨਾ ਵੇਖ ਸਕਣ ਕਰਕੇ ਉਹ ਬੈਰਾਗੀ ਹੋ ਗਿਆ ਸੀ। ਹਿੰਦੂ ਧਰਮ ਪ੍ਰਤੀ ਕੁਰਬਾਨੀ ਕਰਨ ਦਾ ਜਜ਼ਬਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਪਹਿਲਾਂ ਕਿਉਂ ਨਾ ਪ੍ਰਗਟ ਹੋਇਆ।
ਪੰਨਾ 193 ਉਪਰ-ਬੰਦੇ ਨੂੰ ਪਾਹੁਲ ਨਾ ਦੇਣ ਦਾ ਕਾਰਣ ਇਹ ਭਾਸਦਾ ਹੈ ਕਿ ਗੁਰੂ ਜੀ ਗੁਰਗੱਦੀ ਸਿਲਸਿਲੇ ਨੂੰ ਬੰਦ ਕਰਨਾ ਚਾਹੁੰਦੇ ਸਨ।
ਸ਼ਾਇਦ ਲਾਲਾ ਦੌਲਤ ਰਾਏ ਨੂੰ ਇਹ ਸਮਝ ਨਹੀਂ ਕਿ ਪਾਹਲੁ ਦੇਣ ਦੀ ਰਸਮ ਗੁਰਗੱਦੀ ਥਾਪਣ ਵਾਸਤੇ ਨਹੀਂ ਹੁੰਦੀਂ,ਬਲਕਿ ਸਿੱਖ ਬਣਾਉਣ ਲਈ ਹੁੰਦੀ ਹੈ। ਬੰਦਾ ਸਿੰਘ ਬਹਾਦਰ ਨੂੰ ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕਰਕੇ ਖ਼ਾਸਲਾ ਪੰਥ ਦਾ ਅੰਗ ਬਣਾਇਆਂ ਸੀ ਨਾ ਹੀ ਗੁਰੂ ਅਤੇ ਨਾ ਹੀ ਬੰਦਾ ਬਹਾਦਰ ਨੇ ਕੋਈ ਅਜਿਹੀ ਭੁੱਲ ਕੀਤੀ ਸੀ।
ਸੀ.ਐੱਚ. ਪੈਨ ਅਨੁਸਾਰ,
He nominated him as successor not as Guru But as a commander of the forces of Khalsa.
ਇਸ ਤੋਂ ਇਲਾਵਾਂ ਅਹਿਮਦ ਸ਼ਾਹ ਬਟਾਲੀਆਂ (ਜ਼ਿਕਰਿ-ਗੁਰੂਆਂ),ਅਲੀ-ਉ-ਦੀਨ (ਇਬਾਰਤਨਾਮਾ) ਘਨੱਈਆ ਲਾਲ (ਤਾਰੀਖ਼ੇ ਪੰਜਾਬ) ਮੈਕਗਰੇਗਰ,ਮੁਹੰਮਦ ਲਤੀਫ,ਪੰਥ ਪ੍ਰਕਾਸ਼ ਅਤੇ ਹੋਰ ਸਮਕਾਲੀ ਲਿਖਤਾਂ ਵਿਚ ਵੀ ਬੰਦਾ ਸਿੰਘ ਦੇ ਅੰਮ੍ਰਿਤ ਛਕ ਕੇ ਸਿੰਘ ਸਜਣ ਦੀਆਂ ਗਵਾਹੀਆਂ ਮਿਲਦੀਆਂ ਹਨ।
ਸਰੂਪ ਸਿੰਘ ਕੌਸ਼ਿਸ਼ ਕ੍ਰਿਤ ਗੁਰੂ ਕੀਆਂ ਸਾਖੀਆਂ ਜੋ ਪੁਰਾਤਨ ਇਤਿਹਾਸਕ ਤੱਥਾਂ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ, ਵਿਚ ਪੰਨਾ 199 ਉਪਰ ਅੰਕਿਤ ਹੈ : ਸਤਿਗੁਰਾਂ ਆਪਨੇ ਦਸਤੇ ਮੁਬਾਰਕ ਸੇ ਕੰਘਾ, ਕਰਦ,ਕੜਾ ਤੇ ਕੱਛਾ ਪਹਿਨਾਏ। ਸਿਰ ਤੇ ਦਸਤਾਰ ਸਜਾ ਬੈਰਾਗੀ ਸੇ ਸਿੰਘ ਰੂਪ ਮੈਂ ਲੈ ਆਂਦਾ।
ਸੋ ਉਪਰੋਕਤ ਹਵਾਲਿਆਂ ਤੋਂ ਸਪਸ਼ਟ ਹੈ ਕਿ ਗੁਰੂ ਜੀ ਨੇ ਬੰਦਾ ਬੈਰਾਗੀ ਨੂੰ ਨਹੀਂ ਬਲਕਿ ਖੰਡੇ ਦੀ ਪਾਹੁਲ ਦੀ ਬਖ਼ਸ਼ਿਸ਼ ਕਰ ਕੇ ਮਾਧੋ ਦਾਸ ਨੂੰ ਬੰਦਾ ਸਿੰਘ ਬਣਾ ਜ਼ੁਲਮ ਦਾ ਨਾਸ਼ ਕਰਨ ਵਾਸਤੇ ਪੰਜ ਸਿੰਘਾਂ ਸਮੇਤ ਪੰਜਾਬ ਵੱਲ ਤੋਰਿਆਂ।
ਪੇਸ਼ ਹੈ ਤੀਖਣ ਬੁੱਧੀ ਦੇ ਮਾਲਕ ਅਤੇ ਨੀਤੀਵਾਨ ਯੋਧੇ ਬੰਦਾ ਸਿੰਘ ਬਹਾਦਰ ਦੀ ਢੁੱਕਵੀਂ ਮਿਸਾਲ : ਗੁਰੂ ਪਾਤਸ਼ਾਹ ਨੇ ਸਿੱਖਾਂ ਵੱਲ ਹੁਕਮਨਾਮੇ ਭੇਜੇ। ਗੁਰੂ ਜੀ ਦਾ ਸੰਦੇਸ਼ ਮਿਲਦਿਆਂ ਹੀ ਖ਼ਾਲਸਾ ਸਾਰੇ ਸੰਸਾਰਕ ਸੁਖਾਂ ਨੂੰ ਤਿਆਗ ਕੇ ਬੰਦਾ ਸਿੰਘ ਦੀ ਕਮਾਂਡ ਹੇਠ ਇਕੱਤਰ ਹੋ ਗਿਆ। ਬੰਦਾ ਸਿੰਘ ਬਹਾਦਰ ਵੱਲੋਂ ਏਨੇ ਥੋੜੇ ਸਮੇਂ ਵਿਚ ਇਕੱਤਰ ਕੀਤੀ ਫੌਜੀ ਤਾਕਤ ਤੋਂ ਪ੍ਰਭਾਵਿਤ ਹੋ ਕੇ ਮੁਗਲ ਸ਼ਾਸਕਾਂ ਤੋਂ ਸਤਾਈਆਂ ਹੋਈਆਂ ਕੁਝ ਹੋਰ ਕੌਮਾਂ ਵੀ ਬੰਦਾ ਸਿੰਘ ਬਹਾਦਰ ਨਾਲ ਆ ਰਲੀਆਂ (ਸਿਰਫ ਲੁੱਟ ਮਾਰ ਦੀ ਨੀਅਤ ਨਾਲ ਸ਼ਾਮਲ ਹੋਏ ਧਾੜਵੀ ਲੋਕ ਸਰਹਿੰਦ ਦੀ ਲੜਾਈ ਸਮੇਂ ਬੰਦਾ ਸਿੰਘ ਦਾ ਸਾਥ ਛੱਡ ਗਏ)। ਸਮਾਣਾ,ਘੁੜਾਮ,ਛੱਤਬਨੂੜ ਨੂੰ ਖ਼ਾਲਸਈ ਲਸ਼ਕਰ ਨੇ ਆਪਣੇ ਕਬਜ਼ੇ ਅਧੀਨ ਕਰ ਲਿਆਂ। ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਨੂੰ ਜਦੋਂ ਸਿੰਘਾਂ ਦੀਆਂ ਪ੍ਰਾਪਤੀਆਂ ਦਾ ਪਤਾ ਲੱਗਾ ਤਾਂ ਉਸ ਨੇ ਖ਼ਾਸ ਏਲਚੀ ਦੇ ਹੱਥ ਬੰਦਾ ਸਿੰਘ ਬਹਾਦਰ ਨੂੰ ਇਕ ਚਿੱਠੀ ਭੇਜੀ,ਜੋ ਇਸ ਤਰ੍ਹਾਂ ਸੀ:
ਐ ਮਰਦੂਦ ਸਿੱਖੋਂ। ਮੈਂ ਉਹ ਜਾਂਬਾਜ ਹਾਂ ਜਿਸ ਨੇ ਤੁਹਾਡੇ ਗੁਰੂ ਨੂੰ ਚਮਕੌਰ ਛੱਡਣ ਲਈ ਮਜਬੂਰ ਕਰ ਦਿੱਤਾ। ਉਸ ਦੇ ਪੁੱਤਰਾਂ ਸਮੇਤ ਕਈ ਸਿੱਖਾਂ ਨੂੰ ਤੇਗ ਦਾ ਸੁਆਦ ਚਖਾਇਆ। ਅੱਜ ਫੇਰ ਤੁਸੀਂ ਮੇਰੇ ਅੰਦਰ ਜਹਾਦ ਦੀ ਅੱਗ ਭੜਕਾ ਦਿੱਤੀ ਹੈ। ਮੈਂ ਆਪਦੇ ਰੋਹ ਦੀ ਅੱਗ ਤੁਗਾਡੇ ਖ਼ੂਨ ਨਾਲ ਬੁਝਾਵਾਂਗਾਂ । ਜੇ ਸਲਾਮਤੀ ਚਾਹੁੰਦੇ ਹੋ ਤਾਂ ਹਥਿਆਰ ਸੁੱਟ ਕੇ ਵਾਪਸ ਮੁੜ ਜਾਵੇ।
ਇਹ ਪੱਤਰ ਜੋ ਬੰਦਾ ਸਿੰਘ ਅਤੇ ਖ਼ਾਲਸੇ ਦੀ ਫੌਜ ਦੇ ਹੌਂਸਲੇ ਪਸਤ ਵਾਸਤੇ ਲਿਖਿਆ ਗਿਆ ਸੀ। ਇਸ ਦਾ ਦਲੇਰੀ ਭਰਿਆ ਉੱਤਰ ਜੋ ਬੰਦਾ ਸਿੰਘ ਬਹਾਦਰ ਨੇ ਦਿੱਤਾ,ਉਹ ਇਸ ਸਿੱਖ ਜਰਨੈਲ ਦੀ ਦਲੇਰੀ,ਸੂਝ-ਬੂਝ ਅਤੇ ਹਿੰਮਤ ਦਾ ਸਬੂਤ ਸੀ।ਬਾਬਾ ਜੀ ਨੇ ਲਿਖਿਆਂ,
ਝੂਠ ਦੇ ਦਮਗਜ਼ੇ ਵਜਾਉਣ ਵਾਲੇ ਐ ਪਠਾਣਾਂ ,ਤੂੰ ਤਾਂ ਖ਼ੁਦ ਚਮਕੌਰ ਦੇ ਮੈਦਾਨ ਵਿਚ ਲੁੱਕ ਕੇ ਜਾਨ ਬਚਾਈ ਸੀ। ਤੇ ਹੁਣ ਤੂੰ ਝੂਠੇ ਗਪੌੜੇ ਮਾਰ ਕੇ ਦਲੇਰ ਬਣਨਾ ਚਾਹੁੰਦਾ ਹੈਂ। ਸਾਡਾ ਕੰਮ ਤਾਂ ਜ਼ਾਲਮ ਨਾਲ ਜੂਝ ਕੇ ਜ਼ੁਲਮ ਖ਼ਤਮ ਕਰਨਾ ਹੈਂ। ਵਜ਼ੀਰ ਖ਼ਾਨ ਹੁਣ ਕਾਇਰ ਨਾ ਬਣ ਸਗੋਂ ਮੈਦਾਨ-ਏ- ਜੰਗ ਵਿਚ ਦੋ ਹੱਥ ਕਰਨ ਲਈ ਸਾਹਮਣੇ ਆ।
ਸਿੰਘਾਂ ਦਾ ਇਹ ਦਲੇਰੀ ਭਰਿਆ ਉੱਤਰ ਸੁਣ ਕੇ ਵਜ਼ੀਰ ਖ਼ਾਨ ਨੇ ਜੰਗੀ ਤਿਆਰੀ ਭਾਵੇਂ ਆਰੰਭ ਕਰ ਲਈ ਪਰ ਫਿਰ ਵੀ ਸਿੰਘਾਂ ਨਾਲ ਆਹਮੋ-ਸਾਹਮਣੇ ਮੁਕਾਬਲੇ ਤੋਂ ਸੰਕੋਚ ਕਰਦਾ ਸੀ। ਆਪਣੇ ਚਾਤਰ ਦਿਮਾਗ ਨੂੰ ਵਰਤਦੇ ਹੋਏ ਵਜ਼ੀਰ ਖ਼ਾਨ ਲੇ ਵਿਉਂਤ ਬਣਾਈ ਕਿ ਕਿਸੇ ਤਰ੍ਹ੍ਰਾਂ ਬੰਦਾ ਸਿੰਘ ਨੂੰ ਧੋਖੇ ਨਾਲ ਕਤਲ ਕਰਵਾ ਦਿੱਤਾ ਜਾਏ। ਜਹਾਦ ਦੇ ਨਾਮ ਤੇ ਹਜ਼ਾਰਾਂ ਮੁਸਲਮਾਨਾਂ ਨੂੰ ਇਕੱਤਰ ਕੀਤਾ ਅਤੇ ਜੋਸ਼ੀਲੀ ਤਕਰੀਰ ਕਰ ਕੇ ਮੁਸਲਮਾਨਾਂ ਨੂੰ ਬੰਦਾ ਸਿੰਘ ਦਾ ਕਤਲ ਕਰਨ ਵਾਸਤੇ ਉਕਸਾਇਆ,ਪਰੂੰਤ ਬੰਦਾ ਸਿੰਘ ਦੇ ਜਾਹੋ-ਜਲਾਲ ਤੋਂ ਡਰਦਾ ਕੋਈ ਵੀ ਮੁਸਲਮਾਨ ਇਸ ਕੰਮ ਲਈ ਤਿਆਰ ਨਾ ਹੋਇਆਂ। ਮਾਯੂਸ ਹੋ ਕੇ ਵਜ਼ੀਰ ਖ਼ਾਨ ਨੇ ਦੀਵਾਨ ਗੰਢਾ ਮੱਲ ਨੂੰ ਬੁਲਾਇਆਂ ਅਤੇ ਆਪਣੀ ਕੁਟਲ ਵਿਉਂਤ ਦੱਸੀ। (ਦੀਵਾਨ ਗੰਢਾ ਮੱਲ ਦੀਵਾਨ ਸੁੱਚਾ ਨੰਦ ਦਾ ਭਤੀਜਾ ਸੀ,ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਪ ਦੇ ਬੱਚੇ ਆਖਿਆ ਸੀ ਤੇ ਛੇਤੀ ਤੋਂ ਛੇਤੀ ਕਤਲ ਕਰਨ ਦੀ ਸਿਫਾਰਸ਼ ਕੀਤੀ ਸੀ) ਵਜ਼ੀਰ ਖ਼ਾਨ ਦੇ ਵਿਸ਼ਵਾਸਪਾਤਰ ਅਤੇ ਖ਼ਾਲਸੇ ਦੇ ਖ਼ਾਸ ਦੁਸ਼ਮਣ ਦੀਵਾਨ ਗੰਢਾ ਮੱਲ ਨੇ ਇਹ ਤਜਵੀਜ਼ ਪਰਵਾਨ ਕਰ ਲਈ। ਵਜ਼ੀਰ ਖ਼ਾਨ ਨਾਲ ਝਗੜੇ ਦਾ ਵਿਖਾਵਾ ਕਰ ਕੇ ਇਹ ਦੀਵਾਨ ਆਪਣੇ ਕਰੀਬ 1000 ਘੋੜ ਸਵਾਰਾਂ ਨਾਲ ਬੰਦਾ ਸਿੰਘ ਜੀ ਦੀ ਸ਼ਰਨ ਵਿਚ ਆ ਗਿਆ। ਆਪਣੇ ਪਰਿਵਾਰ ਵੱਲੋਂ ਗੁਰੂ ਘਰ ਨਾਲ ਕੀਤੇ ਕੁਕਰਮਾਂ ਦੀ ਮਾਫੀ ਮੰਗੀ ਅਤੇ ਚਰਨਾਂ ਵਿਚ ਢਹਿ ਕੇ ਬੇਨਤੀ ਕੀਤੀ,ਇਸ ਦੁਸ਼ਟ ਵਜ਼ੀਰ ਨੂੰ ਖ਼ਾਨ ਨੇ ਸਾਡੇ ਨਾਲ ਬੜੇ ਜ਼ੁਲਮ ਕੀਤੇ ਹਨ, ਤੁਸੀਂ ਮੈਨੂੰ ਆਪਣਾ ਦਾਸ ਬਣਾ ਲਵੋਂ,ਤਹਾਨੂੰ ਸ਼ਾਹੀ ਲਸ਼ਕਰ ਦੀ ਸਾਰੀ ਜਾਣਕਰੀ ਦੇਵਾਂਗਾ ਅਤੇ ਦੁਸ਼ਟ ਵਜ਼ੀਰ ਨੂੰ ਖ਼ਤਮ ਕਰ ਕੇ ਆਪਣੇ ਅਪਮਾਨ ਦਾ ਬਦਲਾ ਲਵਾਂਗਾਂ। ਦੋਹਾਂ ਪਾਸਿਆਂ ਵੱਲੋਂ ਜੰਗ ਦੀ ਤਿਆਰੀ ਆਰੰਭ ਹੋ ਗਈ। ਗੁਰੂ ਪਾਤਸ਼ਾਹ ਦੇ ਅੱਟਲ ਬਚਨ ਜੋ ਸਰਣਿ ਆਏ ਤਿਸ ਕੰਠ ਲਾਇ ਅਨੁਸਾਰ ਬੰਦਾ ਸਿੰਘ ਨੇ ਗੰਢਾ ਮੱਲ ਨੂੰ ਜਾਨੀ ਸੁਰੱਖਿਆਂ ਦਾ ਭਰੋਸਾ ਦਿਵਾਇਆ ਅਤੇ ਸ਼ਰਨ ਦਿੱਤੀ ਪਰੂੰਤ ਗੰਢਾ ਮੱਲ ਦੀ ਦੁਸ਼ਟ ਨੀਤੀ ਨੂੰ ਨਜ਼ਰ ਅੰਦਾਜ਼ ਨਾ ਕਰਦੇ ਅਤੇ ਹੋਏ ਅਤੇ ਦੂਰ ਦ੍ਰਸ਼ਟੀ ਤੋਂ ਕੰਮ ਲੈਦੇ ਹੋਈ ਭਾਈ ਬਾਜ ਸਿੰਘ ਅਤੇ ਫਤਿਹ ਸਿੰਘ ਨੂੰ ਇਸ ਦੀ ਖ਼ਾਸ ਨਿਗਾਰਨੀ ਰੱਖਣ ਦੀ ਹਦਾਇਤ ਕੀਤੀ।
ਵਜ਼ੀਰ ਖ਼ਾਨ ਆਪਣੇ ਭਾਰੀ ਲਸ਼ਕਰ ਸਮੇਤ ਚਪੜਚਿੜੀ ਦੇ ਸਥਾਨ ਤੇ ਆ ਪਹੁੰਚਿਆਂ। ਘਮਸਾਣ ਦਾ ਜੰਗ ਸ਼ੁਰੂ ਹੋਂ ਗਿਆਂ। ਮੈਦਾਨ-ਏ ਜੰਗ ਪੂਰੀ ਤਰ੍ਹਾਂ ਭੱਖ ਗਿਆ। ਲੋਹੇ ਤੇ ਲੋਹਾ ਵੱਜਣ ਦੀ ਟਣਕਾਰ ਨਾਲ ਅਸਮਾਨ ਗੂੰਜ ਉਠਿਆਂ। ਤੋਪਾਂ ਦੇ ਗੋਲਿਆਂ ਦੀ ਖ਼ੌਫਨਾਕ ਅਵਾਜ਼ ਨਾਲ ਵੱਡੇ-ਵੱਡੇ ਯੋਧਿਆਂ ਦੇ ਧੜਕਣ ਲੱਗੇ। ਜਿੱਥੇ ਵਜ਼ੀਰ ਖ਼ਾਨ ਪਾਸ ਬਹੁਤ ਵੱਡਾ ਜੰਗੀ ਲਸ਼ਕਰ ਅਤੇ ਭਾਰੀ ਜੰਗੀ ਸਾਜ਼ੋਂ-ਸਮਾਨ ਸੀ ਉਥੇ ਬੰਦਾ ਸਿੰਘ ਬਹਾਦਰ ਪਾਸ ਕੇਵਲ ਚਾਰ ਛੋਟੀਆਂ ਤੋਪਾਂ ਸਨ। ਸ਼ਸਤਰਾਂ ਦੀ ਵੀ ਘਾਟ ਸੀ ਪਰੂੰਤ ਮਨ ਅੰਦਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣਾ ਅਤੇ ਜ਼ੁਲਮ ਦਾ ਨਾਸ਼ ਕਰਨ ਦਾ ਦ੍ਰਿੜ੍ਰ ਸੰਕਲਪ ਸੀ। ਜਾਮ-ਏ‐ਸ਼ਹਾਦਤ ਪੀਣ ਦਾ ਸ਼ੌਕ ਸੀ। ਲੜਾਈ ਕਿਸੇ ਇਲਾਕੇ ਦੀ ਪ੍ਰਾਪਤੀ ਜਾਂ ਨਿੱਜੀ ਸੁਆਰਥਾਂ ਦੀ ਪ੍ਰਾਪਤੀ ਵਾਸਤੇ ਨਹੀਂ ਸੀ ਬਲਕਿ ਜ਼ੁਲਮ ਦਾ ਨਾਸ਼ ਕਰ ਕੇ ਹਲੇਮੀ ਰਾਜ ਦੀ ਪ੍ਰਾਪਤੀ ਵਾਸਤੇ ਸੀ। ਭੱਖੇ ਹੋਏ ਮੈਦਾਨ ਵਿਚੋਂ ਸਿਰਫ ਲੁੱਟ ਮਾਰ ਦੀ ਨੀਅਤ ਨਾਲ ਜੰਗ ਵਿੱਚ ਸ਼ਾਮਿਲ ਹੋਏ ਧਾੜਵੀ ਲੋਕ ਭੱਜ ਉਠੇ ਪਰ ਖਾਲਸਾ ਮੈਦਾਨੇ ਜੰਗ ਵਿਚ ਮੁਗਲਾਂ ਅੱਗੇ ਅਡੋਲ ਰਿਹਾ ਪਰੂੰਤ ਉਸ ਸਮੇਂ ਮੈਦਾਨੇ ਜੰਗ ਵਿਚ ਅਫਰਾ ਤਫਰੀ ਫੈਲ ਗਈ,ਜਦੋਂ ਧੋਖੇ ਅਤੇ ਫਰੇਬ ਦੀ ਨੀਅਤ ਨਾਲ ਸ਼ਾਮਲ ਹੋਏ ਗੰਢਾ ਮੱਲ ਨੇ ਸਿੱਖ ਫੌਜਾਂ ਦੇ ਖ਼ਿਲਾਫ ਲੜਨਾ ਸ਼ੁਰੂ ਕਰ ਦਿੱਤਾਂ। ਪਰੂੰਤ ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦੀ ਦੂਰ ਅੰਦੇਸੀ ਸਦਕਾ ਬਾਜ ਸਿੰਘ ਅਤੇ ਫਤਹਿ ਸਿਂੰਘ (ਜੋ ਬਾਬਾ ਜੀ ਨੇ ਗੰਢਾ ਮੱਲ ਦੀ ਨਿਗਰਾਨੀ ਲਈ ਨਿਯੁਕਤ ਕੀਤੇ ਸਨ।)ਨੇ ਉਸੇ ਸਮੇਂ ਗੰਢਾ ਮੱਲ ਅਤੇ ਉਸ ਦੇ ਹਿਮਾਇਤੀਆਂ ਨੂੰ ਫੜ ਕੇ ਨਿਹੱਥੇ ਕਰ ਦਿੱਤਾ ਅਤੇ ਕੀਤੀ ਦਾ ਫਲ ਭੁਗਤਾ ਕੇ ਖ਼ਾਲਸਈ ਕਰਤਵ ਦੀ ਪਾਲਣਾ ਕੀਤੀ। ਵਜ਼ੀਰ ਖ਼ਾਨ ਤੋਂ ਇਹ ਬਰਦਾਸ਼ਤ ਨਾ ਹੋਇਆ। ਉਸ ਨੇ ਮੌਕਾ ਤਾੜ ਕੇ ਬਾਜ਼ ਸਿੰਘ ਨੂੰ ਆ ਘੇਰਿਆਂ। ਆਪਣੇ ਵੱਲੋਂ ਵਜ਼ੀਰ ਖ਼ਾਨ ਨੇ ਬਾਜ਼ ਸਿੰਘ ਨੂੰ ਖ਼ਤਮ ਕਰਨ ਦੀ ਠਾਣ ਹੀ ਲਈ ਕਿ ਬਾਈ ਫਤਹਿ ਸਿੰਘ ਨੇ ਨਜ਼ਦੀਕ ਆ ਕੇ ਐਸਾ ਵਾਰ ਕੀਤਾ ਕਿ ਵਜ਼ੀਰ ਖ਼ਾਨ ਨੂੰ ਦੋ-ਟੁੱਕ ਕਰ ਸੁੱਟਿਆ। । ਜੈਕਾਰਿਆਂ ਦੀ ਆਵਾਜ਼ ਨਾਲ ਮੈਦਾਨ ਗੂੰਜ ਉੱਠਿਆ।ਖ਼ਾਲਸੇ ਨੇ ਪ੍ਰਤੱਖ ਕਰ ਦਿਖਾਇਆ। ਜਿਥੇ ਖ਼ਾਲਸਾ ਸ਼ਰਨ ਆਏ ਨੂੰ ਕੰਠ ਨਾਲ ਲਗਾਉਂਦਾ ਹੈ, ਉਥੇ ਅਹਿਸਾਨ ਫਰਾਮੋਸ਼ ਲੋਕਾਂ ਨੂੰ ਤੇਗ ਦੀ ਧਾਰ ਮਜ਼ਾ ਚਖਾਉਣ ਦੀ ਸਮਰੱਥਾ ਵੀ ਰੱਖਦਾ ਹੈ। ਮੁਖਵਾਕ ਹੈ:
ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ।।