* ਸਾਡੇ ਗੁਰਧਾਮਾਂ ਦੀ ਅੰਦਰਲੀ ਮਰਿਯਾਦਾ ਗੁਰਮਤਿ ਅਨੁਸਾਰੀ ਕਿਉਂ ਨਹੀਂ?
* ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿਚ ਆਈ?
* ਮੁਗ਼ਲ ਤੇ ਅੰਗਰੇਜ਼ ਹਕੂਮਤ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਵਿਚ ਦਖਲ ਕਿਉਂ ਦਿੰਦੀ ਸੀ?
* ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਬਣਿਆ?
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਨੂੰ ਜਦੋਂ ਸਿੱਖਾਂ ਨੇ ਆਪਣੇ ਲਹੂ ਤੇ ਮਿੱਝ ਨਾਲ ਧੋ ਦੇਣ ਦਾ ਫੈਸਲਾ ਕੀਤਾ ਸੀ। ਉਸ ਘਟਨਾ ਨੂੰ ਨਨਕਾਣਾ ਸਾਹਿਬ ਸਾਕਾ ਕਰਕੇ ਜਾਣਿਆ ਜਾਂਦਾ ਹੈ। ਨਨਕਾਣਾ ਸਾਹਿਬ ਸਾਕਾ ਵਾਚਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਾਕੇ ਦੇ ਵਾਪਰਨ ਵੇਲੇ ਰਾਜਨੀਤਕ ਤੇ ਧਾਰਮਿਕ ਹਾਲਤ ਕਿਵੇਂ ਦੇ ਸਨ। ਜਿਸ ਕਰਕੇ ਸਿੱਖਾਂ ਨੂੰ ਆਪਣਾ ਲਹੂ ਡੋਲ੍ਹਣਾ ਪਿਆ। ਇਨ੍ਹਾਂ ਦੇ ਕਾਰਨਾਂ ਦੀ ਪੜਚੋਲਉਪਰੰਤ ਜਦੋਂ ਇਸ ਘਟਨਾ ਨੂੰ ਅੱਜ ਦੇ 'ਗੁਰਦੁਆਰਾ ਪ੍ਰਬੰਧ' ਨਾਲ ਜੋੜ ਕੇ ਵੇਖਾਂਗੇ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਵੇਗਾ ਕਿ ਸਿੱਖਾਂ ਨੇ ਕਦੇ ਵੀ ਕੌਮ ਨਾਲ ਵਾਪਰੇ ਦੁਖਾਂਤ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ।
ਸਾਕਾ ਨਨਕਾਣਾ ਸਾਹਿਬ ਦੀ ਘਟਨਾ ਮਹੰਤ ਨਰੈਣ ਦਾਸ ਵਲੋਂ ਅੰਗਰੇਜ਼ ਸਰਕਾਰ ਦੀ ਮਿਲੀ ਭੁਗਤ ਨਾਲ ਕੀਤਾ ਗਿਆ ਸਿੱਖ ਕਤਲੇਆਮ ਸੀ। ਭਾਵੇਂ ਇਹ ਘਟਨਾ 19-20 ਫਰਵਰੀ 1921 ਨੂੰ ਵਾਪਰੀ ਸੀ, ਇਸ ਦੇ ਵਾਪਰਨ ਦੇ ਕਾਰਨਾਂ ਨੂੰ ਸਮਝਣ ਲਈ ਮੁਗ਼ਲ, ਅੰਗਰੇਜ਼ ਤੇ ਸਿੱਖ ਰਾਜ ਦੇ ਰਾਜਕਾਲ ਵੇਲੇ 'ਗੁਰਦੁਆਰਾ ਪ੍ਰਬੰਧ' ਕਿਵੇਂ ਚਲ ਰਿਹਾ ਸੀ, ਦੀ ਪੜਤਾਲ ਕਰਨੀ ਪਵੇਗੀ। ਸਭ ਤੋਂ ਪਹਿਲਾਂ ਜਦੋਂ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਤੋਂ 70 ਕੁ ਸਾਲ ਸਿੱਖਾਂ ਲਈ ਅਜਿਹਾ ਸਮਾਂ ਸੀ ਜਦੋਂ 'ਮੁਗ਼ਲ ਹਕੂਮਤ' ਸਿੱਖਾਂ ਨੂੰ ਮਾਰ-ਮੁਕਾਣ 'ਤੇ ਤੁਲੀ ਹੋਈ ਸੀ, ਹਕੂਮਤ ਸਿੱਖਾਂ ਦੇ ਸਿਰਾਂ ਬਦਲੇ ਚੋਖੇ ਇਨਾਮ ਦਿੰਦੀ ਸੀ। ਸਿੱਖਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਬਾਗੀ ਮੰਨਿਆ ਜਾਂਦਾ ਸੀ। ਬਾਗੀਆਂ ਦੀ ਇਕੋ ਇਕ ਸਜ਼ਾ ਨਿਰਧਾਰਤ ਸੀ ਕਿ ਉਨ੍ਹਾਂ ਦਾ ਬਾਲ-ਬਚਾ ਪਿੜ ਦਿੱਤਾ ਜਾਵੇ।
ਜਿਸ ਕਰਕੇ ਸਿੱਖਾਂ ਨੂੰ ਜੰਗਲਾਂ-ਬੇਲਿਆਂ ਵਿਚ ਗੁਜਰ ਕਰਨਾ ਪੈਂਦਾ ਸੀ। ਫਲਸਰੂਪ ਸਾਡੇ ਜਾਨਾਂ ਨਾਲੋਂ ਪਵਿੱਤਰ ਗੁਰਧਾਮਾਂ ਦਾ ਪ੍ਰਬੰਧ ਅਜਿਹੀਆਂ ਸੰਪਰਦਾਵਾਂ ਕਰਦੀਆਂ ਸਨ, ਜਿਨ੍ਹਾਂ ਨੂੰ ਮੁਗ਼ਲ ਹਕੂਮਤ ਦਾ ਥਾਪੜਾ ਹੁੰਦਾ ਸੀ। ਇਸ ਔਖੀ ਘੜੀ ਵੇਲੇ ਸਾਡੇ ਗੁਰਧਾਮਾਂ ਦੀ ਮਰਿਯਾਦਾ ਹਿੰਦੂ ਠਾਕਰ-ਦੁਆਰਿਆਂ ਵਰਗੀ ਕਰ ਦਿੱਤੀ ਗਈ ਸੀ। ਅੱਜਕਲ੍ਹ ਸਾਡੇ ਇਤਿਹਾਸ ਤੇ ਹੋਰ ਗੁਰਦੁਆਰਿਆਂ ਤੇ ਤਖਤਾਂ ਅੰਦਰ ਪੁਰਾਤਨ ਪ੍ਰਚਲਿਤ ਮਰਿਯਾਦਾ ਦੇ ਨਾਂ 'ਤੇ ਗੁਰੂ ਨਾਨਕ ਬਾਣੀ ਦੇ ਉਲਟ ਜੋ ਮਨਮਤਾਂ ਪ੍ਰਚਲਤ ਹਨ ਇਹ ਉਹ ਸਮਾਂ ਸੀ ਜਦੋਂ ਇਹ ਕੁਰੀਤੀਆਂ ਸਾਡੇ ਧਰਮ ਅਸਥਾਨਾਂ ਅੰਦਰ ਪ੍ਰਵੇਸ਼ ਕਰ ਗਈਆਂ। ਸਾਡਾ ਇਤਿਹਾਸ ਤੇ ਪੰਥਕ ਮਰਿਯਾਦਾ ਨੂੰ ਗੁਰਬਾਣੀ ਸਿਧਾਂਤਾਂ ਤੋਂ ਕੋਹਾਂ ਦੂਰ ਕਰ ਦਿੱਤਾ ਗਿਆ। ਉਪਰੰਤ 70 ਕੁ ਸਾਲ ਦਾ ਹੋਰ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਵੀ ਆ ਗਿਆ ਉਦੋਂ ਵੀ ਗੁਰਦੁਆਰਿਆਂ ਦੀ ਅੰਦਰੂਨੀ ਮਰਿਯਾਦਾ ਨੂੰ ਗੁਰਬਾਣੀ ਸਿਧਾਂਤ ਅਨੁਸਾਰ ਕਰਨ ਵੱਲ ਕੋਈ ਧਿਆਨ ਨਾ ਦਿੱਤਾ ਗਿਆ, ਸਗੋਂ ਗੁਰਦੁਆਰਿਆਂ ਦੇ ਨਾਮ ਵੱਡੀਆਂ ਜਾਇਦਾਦਾਂ ਲਗਾ ਦਿੱਤੀਆਂ ਗਈਆਂ ਸਨ ਤਾਂ ਜੋ ਜਾਇਦਾਦਾਂ ਦੀ ਆਮਦਨ ਨਾਲ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਤਰੀਕੇ ਨਾਲ ਕੀਤਾ ਜਾ ਸਕੇ। ਪਰ ਗੁਰਦੁਆਰਿਆਂ ਨਾਲ ਜੁੜੀ ਇਸ ਆਮਦਨ ਨੇ ਬਾਅਦ ਵਿਚ ਮਹੰਤਾਂ ਨੂੰ ਸ਼ਰਾਬੀ ਤੇ ਵਿਭਚਾਰੀ ਬਣਾ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਮਿਸਲਾਂ ਅੰਗਰੇਜ਼ੀ ਹਕੂਮਤ ਦੀ ਕੁਟਲਨੀਤੀ ਤੇ ਸਿੱਖਾਂ ਦੀ ਆਪਸੀ ਖਾਨਾਜੰਗੀ ਦਾ ਸ਼ਿਕਾਰ ਹੋ ਗਈਆਂ। ਸਿੱਖ ਸ਼ਕਤੀ ਤਿਲ ਤਿਲ ਕਰਕੇ ਬਿਖਰ ਗਈ, ਫਲਸਰੂਪ ਅੰਗਰੇਜ਼ ਹਕੂਮਤ ਨੇ ਪੰਜਾਬ ਦਾ ਰਾਜ ਸੰਭਾਲ ਲਿਆ। ਗੁਰਦੁਆਰਾ ਪ੍ਰਬੰਧਕੀ ਸਿਸਟਮ ਪੁਰਾਣੇ ਕਾਬਜ਼ ਮਹੰਤਾਂ/ਸੰਪਰਦਾਵਾਂ ਕੋਲ ਹੀ ਰਿਹਾ। ਅੰਗਰੇਜ਼ ਚਲਾਕ ਸਿਆਸਤਦਾਨ ਸੀ। ਉਹ ਜਾਣਦਾ ਸੀ ਕਿ ਪੰਜਾਬ ਅੰਦਰ ਹਕੂਮਤ ਕਰਨ ਲਈ ਪੰਜਾਬ ਦੇ ਸਿੱਖਾਂ ਦੀ ਪ੍ਰਮੁੱਖ ਸ਼ਕਤੀ 'ਗੁਰਦੁਆਰਾ ਪ੍ਰਬੰਧ' ਕਿਸੇ ਨਾ ਕਿਸੇ ਤਰੀਕੇ ਸਰਕਾਰੀ ਸਰਪ੍ਰਸਤਾਂ ਹੇਠ ਹੀ ਰਹੇ ਤਾਂ ਠੀਕ ਹੈ। ਇਸ ਲਈ ਕਾਬਜ਼ ਮਹੰਤਾਂ ਨੂੰ ਸਰਕਾਰੀ ਹੱਥ ਠੋਕੇ ਬਣਾ ਕੇ ਰੱਖਣਾ ਜ਼ਰੂਰੀ ਸਮਝਿਆ ਗਿਆ।
ਅੰਗਰੇਜ਼ੀ ਰਾਜ ਦੌਰਾਨ ਮਹੰਤ ਆਪਣੀਆਂ ਮਨਮਾਨੀਆਂ ਕਰਦੇ ਰਹੇ, ਭਾਵੇਂ ਸਿੰਘ ਸਭਾ ਲਹਿਰ ਦੇ ਸਦਕਾ ਸਿੰਘ ਸਭਾਵਾਂ ਵੀ ਬਣੀਆਂ। ਜਿਨ੍ਹਾਂ ਸਦਕਾ ਸਿੱਖ ਵਿਦਿਅਕ ਲਹਿਰਾਂ ਨੇ ਉਸਾਰੂ ਭੂਮਿਕਾ ਨਿਭਾਈ ਪਰ ਪ੍ਰਬੰਧਕੀ ਅੰਦਰੂਨੀ ਮਰਿਯਾਦਾ ਤੇ ਖਾਸ ਤਬਦੀਲੀਆਂ ਨਹੀਂ ਆ ਸਕੀਆਂ। ਹਾਕਮ ਚਾਹੁੰਦਾ ਸੀ ਕਿ ਸਿੱਖਾਂ ਨੂੰ ਆਪਣੇ ਅਸਰ ਹੇਠ ਦਬ ਦਬਾ ਬਣਾ ਕੇ ਰੱਖਿਆ ਜਾਵੇ। ਸਿੱਖ ਸ਼ਕਤੀ ਨੂੰ ਰਾਜ ਦੀ ਮਜ਼ਬੂਤੀ ਲਈ ਵਰਤਿਆ ਜਾਵੇ। ਦੂਜੇ ਪਾਸੇ ਸਿੱਖ ਚਾਹੁੰਦੇ ਸਨ ਕਿ ਸਾਡੇ ਗੁਰਧਾਮਾਂ ਵਿਚ ਸਰਕਾਰੀ ਦਖਲਅੰਦਾਜ਼ੀ ਨਾ ਹੋਵੇ ਪਰ ਹਾਕਮ ਚਾਹੁੰਦਾ ਸੀ ਕਿ ਗੌਰਮਿੰਟ ਤੋਂ ਆਜ਼ਾਦ ਹੋ ਚੁੱਕੀ ਕਿਸੇ ਕਮੇਟੀ ਨੂੰ ਗੁਰਦੁਆਰਾ ਪ੍ਰਬੰਧ ਨਾ ਦਿੱਤਾ ਜਾਵੇ ਤਾਂ ਕਿ ਮਜ਼੍ਹਬੀ ਤੌਰ 'ਤੇ ਸਿੱਖ ਜਥੇਬੰਦ ਨਾ ਹੋ ਸਕਣ। ਇਸ ਲਈ ਉਹ ਆਪਣੇ ਮਕਸਦ ਦੀ ਪੂਰਤੀ ਲਈ ਅੰਗਰੇਜ਼ੀ ਹਕੂਮਤ ਸੰਤਾਂ, ਮਹੰਤਾਂ ਦੀ ਪਿੱਠ 'ਤੇ ਖੜ੍ਹੀ ਸੀ, ਇਸ ਮੌਕੇ ਪ੍ਰਮੁੱਖ ਮਾਮਲਾ ਇਹ ਸੀ ਕਿ ਸਿੱਖਾਂ ਨੂੰ ਜਥੇਬੰਦ ਹੋ ਕੇ ਤੇ ਇਨ੍ਹਾਂ ਸਰਕਾਰੀ ਪਿੱਠੂਆਂ ਤੋਂ ਗੁਰਦੁਆਰਾ ਪ੍ਰਬੰਧ ਖੋਹਣਾ ਤੇ ਅੰਦਰੂਨੀ ਮਰਿਯਾਦਾ ਗੁਰਮਤਿ ਅਨੁਸਾਰੀ ਕਰਨਾ ਸੀ।
ਗੁਰਦੁਆਰਾ ਪ੍ਰਬੰਧ ਅੰਦਰ ਵਧ ਚੁੱਕੀਆਂ ਕਮਜ਼ੋਰੀਆਂ ਨੇ ਸਿੱਖਾਂ ਨੂੰ ਸਰਕਾਰੀ ਜ਼ੁਲਮ ਤੇ ਜ਼ਬਰ ਖਿਲਾਫ ਲੜਨ ਲਈ ਮਜ਼ਬੂਰ ਕਰ ਦਿੱਤਾ ਸੀ। ਇਹ ਸੱਚ ਹੈ ਕਿ ਅੰਗਰੇਜ਼ਾਂ ਨੇ ਮਹੰਤਾਂ ਨੂੰ ਸਿੱਖ ਸੰਗਤਾਂ ਦੇ ਕੰਟਰੋਲ ਤੋਂ ਆਜ਼ਾਦ ਕਰ ਦਿੱਤਾ ਸੀ। ਜਿਸ ਕਰਕੇ ਮਹੰਤ ਗੁਰਦੁਆਰਿਆਂ ਨੂੰ ਆਪਣੀ ਜਾਇਦਾਦ ਸਮਝਣ ਲੱਗ ਪਏ ਸਨ।
ਅੰਗਰੇਜ਼ ਚਾਹੁੰਦਾ ਸੀ ਕਿ ਸਿੱਖ ਸ਼ਕਤੀ ਦਾ ਸਾਰਾ ਭੇਦ ਉਸ ਦਾ ਗੁਰੂ ਉਪਰ ਭਰੋਸਾ ਤੇ ਸਿਦਕ ਹੈ। ਇਸ ਲਈ ਗੁਰੂ ਅਸਥਾਨਾਂ ਦਾ ਪ੍ਰਬੰਧਕੀ ਸਿਸਟਮ ਤਹਿਸ-ਨਹਿਸ ਕਰ ਦਿੱਤਾ ਜਾਵੇ, ਇਨ੍ਹਾਂ ਦਾ ਇਤਿਹਾਸ ਤੇ ਮਰਿਯਾਦਾ ਵਿਚੋਂ ਮਹੱਤਤਾ ਵਾਲਾ ਪੱਖ ਖਤਮ ਕਰ ਦਿੱਤਾ ਜਾਵੇ, ਤਾਂ ਸਿੱਖ ਸਹਿਜੇ ਹੀ ਖਤਮ ਹੋ ਸਕਣਗੇ। ਅੰਗਰੇਜ਼ੀ ਹਕੂਮਤ ਸਿੱਖ ਸ਼ਕਤੀ ਨੂੰ ਵਾਧੂ ਦੇ ਵਾਵਰੋਲਿਆਂ ਵਿਚ ਉਲਝਾ ਕੇ ਰੱਖਣ ਦੀ ਕੁਟਲਨੀਤੀ ਤਹਿਤ ਗੁ: ਰਕਾਬ ਗੰਜ ਦਿੱਲੀ ਦੀ ਕੰਧ ਢਾਹੁਣਾ, ਸੰਤਾਂ-ਮਹੰਤਾਂ ਨੂੰ ਸਿੱਖਾਂ ਤੋਂ ਬਾਗੀ ਕਰਨਾ, ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਸਰਬਰਾਹ ਹੱਥੀਂ ਸੌਂਪਣ ਜਿਹੇ ਹਥਕੰਡੇ ਵਰਤਦੀ ਰਹੀ।
ਮਹੰਤਾਂ ਨੇ ਗੁਰਦੁਆਰਿਆਂ ਅੰਦਰ ਪੇਸ਼ਾਵਰ ਬਦਮਾਸ਼ ਤੇ ਗੁੰਡਿਆਂ ਦਾ ਸਹਾਰਾ ਲੈ ਕੇ ਸਿੱਖ ਸੰਗਤਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਵਲੋਂ ਸਿੱਖ ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰਨ ਲਈ ਥਾਂ ਥਾਂ ਅਕਾਲੀ ਜਥਿਆਂ ਦੀ ਹੋਂਦ ਕਾਇਮ ਹੋਣੀ ਸ਼ੁਰੂ ਹੋਈ। ਫਲਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਉਣ 'ਤੇ ਪਹਿਲਾਂ ਹੀ ਗੁਰਦੁਆਰਿਆਂ ਉਪਰ ਕਬਜ਼ੇ ਕਰਨ ਦੀ ਆਰੰਭਤਾ ਸ਼ੁਰੂ ਹੋ ਗਈ। ਸੰਤਾਂ-ਮਹੰਤਾਂ ਤੇ ਪੁਜਾਰੀਆਂ ਦਾ ਸਿੱਖ ਸੰਗਤਾਂ ਨਾਲ ਵਿਵਹਾਰ ਬਹੁਤ ਮਾੜਾ ਸੀ ਉਹ ਅਕਾਲੀਆਂ ਜਾਂ ਸਿੰਘ ਸਭੀਆਂ ਨੂੰ 'ਸਿੰਘ ਸਫਈਆਂ' ਕਹਿ ਕੇ ਦੁਰਕਾਰਦੇ ਸਨ। ਮਹੰਤ ਕ੍ਰਿਪਾਨ ਤੇ ਕਛਹਿਰਾ ਪਹਿਨਣ ਵਾਲਿਆਂ ਨੂੰ ਸਮਾਜ ਦੇ ਬਾਗੀ ਸਮਝਣ ਲੱਗ ਪਏ ਸਨ। ਮਹੰਤ ਗੁਰਦੁਆਰੇ ਅੰਦਰ ਸਿੱਖਾਂ ਦੀਆਂ ਕਿਰਪਾਨਾਂ ਤਕ ਉਤਾਰ ਲੈਂਦੇ ਸਨ। ਅਜਿਹੇ ਹਾਲਤਾਂ ਵਿਚ ਸਿੱਖ ਕਿਸੇ ਕੇਂਦਰੀ ਧਾਰਮਿਕ ਜਥੇਬੰਦੀ ਦੀ ਲੋੜ ਨੂੰ ਮਹਿਸੂਸ ਕਰਨ ਲੱਗੇ।
15 ਨਵੰਬਰ 1920 ਨੂੰ ਸਮੂਹ ਸਿੱਖਾਂ ਨੇ ਅੰਮ੍ਰਿਤਸਰ ਅਕਾਲ ਤਖਤ ਇਕੱਠ ਸੱਦਿਆ ਤੇ ਸਰਕਾਰੀ ਰੁਕਾਵਟ ਦੇ ਬਾਵਜੂਦ 15-16 ਨਵੰਬਰ ਨੂੰ ਇਨ੍ਹਾਂ ਦੋ ਦਿਨਾਂ ਇਕੱਠ ਉਪਰੰਤ 175 ਮੈਂਬਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨਗੀ ਦਿੱਤੀ ਗਈ। ਜਿਸ ਵਿਚ 36 ਮੈਂਬਰ ਸਰਕਾਰ ਵਲੋਂ ਨਾਮਜ਼ਦ ਕੀਤੇ ਗਏ। ਉਸ ਵੇਲੇ ਸੁੰਦਰ ਸਿੰਘ ਮਜੀਠੀਆ ਨੂੰ ਇਸ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ ਸੀ।
1921 ਦੇ ਸ਼ੁਰੂ ਵਿਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਚੁੱਕੀ ਸੀ। ਇਸ ਲਹਿਰ ਦਾ ਉਦੇਸ਼ ਤਮਾਮ ਗੁਰਦੁਆਰੇ ਤੇ ਧਾਰਮਿਕ ਅਸਥਾਨਾਂ ਦਾ ਕੰਟਰੋਲ ਨੂੰ ਹਾਸਲ ਕਰਕੇ ਗੁਰਮਤਿ ਮਰਿਯਾਦਾ ਮੁਤਾਬਕ ਪ੍ਰਬੰਧ ਕਰਨਾ ਸੀ- ਸ਼੍ਰੋਮਣੀ ਕਮੇਟੀ ਦੇ ਬਣਨ ਨਾਲ ਸਿੱਖਾਂ ਦੀ ਖਿਲਰੀ ਤਾਕਤ ਇਕ-ਮੁੱਠ ਤੇ ਮਜਬੂਤ ਹੋ ਚੁੱਕੀ ਸੀ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨਿਰੋਲ ਧਾਰਮਿਕ ਸੰਸਥਾ ਵੀ ਸੀ। ਰਾਜਸੀ ਮਾਮਲੇ ਇਸ ਦੇ ਦਾਇਰੇ ਤੋਂ ਬਾਹਰ ਸਨ। ਗੁ: ਰਕਾਬ ਗੰਜ ਦੀ ਕੰਧ ਦੇ ਮੋਰਚੇ ਤੋਂ ਜਿੱਤ ਪ੍ਰਾਪਤ ਕਰਕੇ ਅਕਾਲੀਆਂ ਨੇ ਨਨਕਾਣਾ ਸਾਹਿਬ ਤੇ ਕਬਜ਼ਾ ਕਰਨ ਲਈ ਭਰਤੀ ਜਾਰੀ ਰੱਖੀ ਹੋਈ ਸੀ। ਇਸ ਦੌਰਾਨ 24 ਜਨਵਰੀ 1921 ਨੂੰ ਅੰਮ੍ਰਿਤਸਰ ਵਿਖੇ ਰਾਜਨੀਤਕ ਮਾਮਲਿਆਂ ਬਾਰੇ ਕੇਂਦਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਕੀਤਾ ਗਿਆ। ਜਿਸਦੇ ਪਹਿਲੇ ਪ੍ਰਧਾਨ ਸੁਰਮੁਖ ਸਿੰਘ ਜੀ ਚੁਣੇ ਗਏ। ਇਸ ਦੌਰਾਨ ਪੰਜਾਬ ਸਰਕਾਰ ਨੇ ਐਗਜ਼ੈਕਟਿਵ ਕੌਂਸਲ 'ਚੋਂ ਸ. ਸੁੰਦਰ ਸਿੰਘ ਮਜੀਠੀਏ ਨੂੰ ਮੈਂਬਰ ਬਣਾਇਆ, ਜਿਸ ਕਰਕੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਨਿਰੋਲ ਧਾਰਮਿਕ ਜਥੇਬੰਦੀ ਸੀ, ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਜਿਸ ਬਾਅਦ ਸਿਰਦਾਰ ਖੜਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਗਏ।
ਸਿੱਖ ਇਤਿਹਾਸ ਵਿਚ 1921 ਦਾ ਸਾਲ ਖੂਨੀ ਸਾਕਿਆਂ ਤੇ ਘਮਸਾਨ ਦੇ ਸੰਗਰਾਮਾਂ ਦਾ ਸਾਲ ਵਜੋਂ ਜਾਣਿਆ ਜਾਂਦਾ ਸੀ। ਜਦੋਂ ਇਕ ਪਾਸੇ ਸੰਤ ਮਹੰਤ ਦੇ ਅੰਗਰੇਜ਼ ਹਕੂਮਤ ਗੁਰਦੁਆਰਾ ਸੁਧਾਰ ਲਹਿਰ ਨੂੰ ਕੁਚਲਣ ਦਾ ਮਨ ਬਣਾਈ ਬੈਠੀ ਸੀ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਿੱਖ ਗੁਰਦੁਆਰਾ ਪ੍ਰਬੰਧ ਸੁਧਾਰਨ ਲਈ ਲੱਕ ਬੰਨ੍ਹੀ ਬੈਠੇ ਸਨ।
ਇਸ ਦੌਰਾਨ 18 ਦਸੰਬਰ 1920 ਨੂੰ ਕਰਤਾਰ ਸਿੰਘ ਝੱਬਰ ਤੇ ਅਮਰ ਸਿੰਘ ਝਬਾਲ ਨੇ ਪੋਠੋਹਾਰ ਦੇ ਪ੍ਰਮੁੱਖ ਗੁਰਦੁਆਰੇ ਪੰਜਾ ਸਾਹਿਬ ਉਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਕਬਜ਼ਾ ਕਰ ਲਿਆ ਸੀ। ਗੁ: ਤਰਨਤਾਰਨ ਦੀ ਆਜ਼ਾਦੀ ਲਈ 28 ਜਨਵਰੀ 1921 ਨੂੰ 40 ਸਿੰਘਾਂ ਦਾ ਜਥਾ ਅੰਮ੍ਰਿਤਸਰ ਤੋਂ ਚੱਲਿਆ। ਮਹੰਤਾਂ-ਪੁਜਾਰੀਆਂ ਦੇ ਸ਼ਰਾਬੀ ਟੋਲੇ ਨੇ ਹਮਲਾ ਕਰਕੇ ਇਕ ਸਿੰਘ ਭਾਈ ਹਜ਼ਾਰਾ ਸਿੰਘ ਸ਼ਹੀਦ ਕਰ ਦਿੱਤਾ ਤੇ ਭਾਈ ਹੁਕਮ ਸਿੰਘ ਵੀ ਦੂਜੇ ਦਿਨ ਸ਼ਹਾਦਤ ਪਾ ਗਏ, ਫਲਸਰੂਪ ਸਿੰਘਾਂ ਨੇ ਇਸ ਗੁਰਦੁਆਰੇ ਤੇ ਕਬਜ਼ਾ ਕਰ ਲਿਆ। ਗੁਰਦੁਆਰਾ ਆਜ਼ਾਦ ਕਰਵਾਉਣ ਲਈ ਅਰੰਭੇ ਸੰਘਰਸ਼ ਵਿਚ ਇਹ ਦੋ ਪਹਿਲੇ ਸ਼ਹੀਦ ਸਨ।
ਅਜਿਹੇ ਸਾਰੇ ਹਾਲਾਤ ਸਨ ਜਦੋਂ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਨੂੰ ਕੁਕਰਮੀ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ 'ਸਿੱਖ ਸੰਘਰਸ਼ਾਂ' ਅਥਵਾ ਗੁਰਦੁਆਰਾ ਸੁਧਾਰ ਲਹਿਰ ਦਾ ਜਥੇਬੰਧਕ ਤੌਰ 'ਤੇ ਕੋਸ਼ਿਸ਼ਾਂ ਆਰੰਭ ਹੋਈਆਂ ਕਿਉਂਕਿ ਅੰਗਰੇਜ਼ ਸਰਕਾਰ ਚਾਹੁੰਦੀ ਸੀ ਕਿ ਗੁਰਦੁਆਰਿਆਂ ਦਾ ਕੰਟਰੋਲ ਕਿਸੇ ਵੀ ਐਸੀ ਸਿੱਖ ਜਥੇਬੰਦੀ ਨੂੰ ਨਾ ਸੌਂਪਿਆ ਜਾਵੇ ਜਿਹੜੀ ਸਰਕਾਰ ਲਈ ਸਿਰਦਰਦੀ ਬਣ ਸਕਦੀ ਹੈ। ਇਸ ਲਈ ਮਹੰਤਾਂ ਤੇ ਸਿੱਖ ਸੰਗਤਾਂ ਅਥਵਾ ਅਕਾਲੀਆਂ ਦਾ ਟਕਰਾਅ ਬਣਿਆ ਰਹੇ। ਹਾਕਮਾਂ ਦੀ ਸਰਪ੍ਰਸਤੀ ਨੇ ਨਨਕਾਣਾ ਸਾਹਿਬ 'ਤੇ ਕਾਬਜ਼ ਮਹੰਤ ਨਰੈਣ ਦਾਸ ਤੇ ਉਸ ਦੇ ਸਾਥੀਆਂ ਨੂੰ ਕੁਕਰਮੀ ਤੇ ਲਾਪਰਵਾਹ ਬਣਾ ਦਿੱਤਾ ਸੀ।
ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਹਨ ਕਿ ਸਿੱਖਾਂ ਦੇ ਗੁਰਦੁਆਰੇ ਦੇ ਪ੍ਰਬੰਧਕ ਜਿੰਨੇ ਕੁਕਰਮੀ ਤੇ ਘਟੀਆ ਕਿਰਦਾਰ ਵਾਲੇ ਹੋਣਗੇ, ਉਨ੍ਹਾਂ ਨੂੰ ਓਨਾ ਹੀ ਜ਼ਿਆਦਾ ਸ਼ਕਤੀ ਦੀ ਮਜ਼ਬੂਤੀ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਸਿੱਖ ਸ਼ਕਤੀ ਸ਼ੁਰੂ ਤੋਂ ਹੀ ਘਰੇਲੂ ਝਗੜਿਆਂ ਵਿਚ ਗਲਤਾਨ ਰਹੀ ਹੈ।
ਮਹੰਤ ਨਰੈਣ ਦਾਸ ਵਲੋਂ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਦੀ ਸਾਲਾਨਾ ਆਮਦਨ ਨਾਲ ਹਥਿਆਰ ਬਣਾਉਣੇ ਤੇ ਹਥਿਆਰ ਖਰੀਦ ਕੇ ਰੱਖਣ ਦਾ ਸਿਲਸਿਲਾ ਕਾਫੀ ਦੇਰ ਤੋਂ ਜਾਰੀ ਸੀ। ਏਥੇ ਹੀ ਬਸ ਨਹੀਂ ਹਥਿਆਰਾਂ ਨਾਲ ਲੈਸ ਲੜਾਕੂ ਕਿਸਮ ਦੇ ਗੁੰਡਿਆਂ ਨੂੰ ਵੀ ਜਨਮ ਅਸਥਾਨ ਨਨਕਾਣਾ ਸਾਹਿਬ ਅੰਦਰ ਰੱਖਿਆ ਜਾ ਰਿਹਾ ਸੀ।
ਮਹੰਤ ਨੇ ਆਪਣੇ ਜ਼ਰ-ਖਰੀਦ ਬੰਦਿਆਂ ਨੂੰ ਇਹ ਹੁਕਮ ਚਾੜ੍ਹ ਦਿੱਤਾ ਸੀ ਕਿ ਕਿਸੇ ਵੀ ਕ੍ਰਿਪਾਨਧਾਰੀ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਨਾ ਹੋਣ ਦਿੱਤਾ ਜਾਵੇ। ਉਸ ਨੇ ਮਨ ਹੀ ਮਨ ਸਿੱਖ ਪੰਥ ਨਾਲ ਸਿੱਧੀ ਲੜਾਈ ਲੜਣ ਦੀ ਤਿਆਰੀ ਕਰ ਲਈ ਸੀ।
ਸਿੱਖਾਂ ਨੇ ਮਹੰਤ ਦੀਆਂ ਅਜਿਹੀਆਂ ਕਰਤੂਤਾਂ ਨੂੰ ਰੋਕਣ ਲਈ 5-6 ਮਾਰਚ 1921 ਨੂੰ ਨਨਕਾਣਾ ਸਾਹਿਬ ਅੰਦਰ ਪੰਥਕ ਮੁਖੀਆਂ ਦੀ ਇਕਤ੍ਰਤਾ ਬੁਲਾ ਲਈ ਸੀ। ਜਿਸ ਦੀ ਪ੍ਰਵਾਨਗੀ ਮਹੰਤ ਨੇ ਵੀ ਦੇ ਦਿੱਤੀ ਸੀ। ਉਹ ਚਾਹੁੰਦਾ ਸੀ ਕਿ ਸਿੱਖਾਂ ਨਾਲ ਗੱਲਬਾਤ ਦਾ ਡਰਾਮਾ ਰਚ ਕੇ ਇਕੱਠ ਵਾਲੇ ਦਿਨ ਸਾਰੇ ਆਗੂਆਂ ਨੂੰ ਮਾਰ ਮੁਕਾ ਦਿੱਤਾ ਜਾਵੇ।
ਮਹੰਤ ਦੀ ਇਹ ਸਾਜਸ਼ ਜਿਸ ਵਿਚ ਉਸ ਨੇ ਮਾਝੇ ਦੇ ਬਦਮਾਸ਼ਾਂ ਨੂੰ ਖਰੀਦ ਕੇ 6 ਮਾਰਚ ਨੂੰ ਹੋਣ ਵਾਲੇ ਪੰਥ ਇਕੱਠ ਦੇ ਸਾਰਿਆਂ ਮੁਖੀਆਂ ਨੂੰ ਕਤਲ ਕਰਨਾ ਸੀ ਬਾਰੇ ਸਿੱਖ ਸੰਗਤਾਂ ਨੂੰ ਪੱਕੀ ਸੂਹ ਮਿਲ ਗਈ। ਜਦੋਂ ਇਹ ਖਬਰ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲੀ ਤਾਂ ਉਨ੍ਹਾਂ ਨੇ ਆਪਣੇ ਮੁਖੀ ਸਾਥੀਆਂ ਨਾਲ ਸਲਾਹ ਕਰਕੇ 19-20 ਫਰਵਰੀ ਨੂੰ ਜਦੋਂ ਮਹੰਤ ਨਰਾਇਣ ਦਾਸ ਦੀ ਮੌਜੂਦਗੀ ਵਿਚ ਲਾਹੌਰ ਵਿਖ ਸਨਾਤਨ ਸਿੱਖ ਕਾਨਫਰੰਸ ਹੋਣੀ ਸੀ। ਉਦੋਂ ਜਨਮ ਅਸਥਾਨ 'ਤੇ ਕਬਜ਼ਾ ਕਰ ਲੈਣ ਦਾ ਫੈਸਲਾ ਕਰ ਲਿਆ। ਇਨ੍ਹਾਂ ਨੇ ਸਾਰਾ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਤੋਂ ਗੁਪਤ ਹੀ ਰੱਖਿਆ। ਪਰ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਨੂੰ ਇਸ ਬਾਰੇ ਪਤਾ ਲੱਗ ਗਿਆ।
ਤੇਜਾ ਸਿੰਘ ਸਮੁੰਦਰੀ ਜੀ ਨੇ ਝੱਬਰ ਸਾਹਿਬ ਨੂੰ ਕਿਹਾ ਕਿ ਜੇ ਤੁਸੀਂ ਸ਼੍ਰੋਮਣੀ ਪੰਥਕ ਜਥੇਬੰਦੀ ਦੇ ਹੁਕਮ ਦੀ ਉਲੰਘਣਾ ਕਰਕੇ ਨਨਕਾਣਾ ਸਾਹਿਬ ਜਥਾ ਲੈ ਗਏ ਤਾਂ ਤੁਸੀਂ ਪੰਥ ਤੇ ਗੁਰੂ ਦੇ ਦੇਣਦਾਰ ਹੋਵੋਗੇ। ਝੱਬਰ ਸਾਹਿਬ ਨੇ ਕਿਹਾ ਕਿ ਆਪੋ ਵਿਚ ਹੋਏ ਫੈਸਲੇ ਮੁਤਾਬਕ ਜੇਕਰ ਲਛਮਣ ਸਿੰਘ ਧਾਰੋਵਾਲ ਤੋਂ ਚਲਕੇ ਨਨਕਾਣਾ ਸਾਹਿਬ ਪੁੱਜ ਗਏ ਤਾਂ ਉਸਦਾ ਜੋ ਨੁਕਸਾਨ ਹੋਇਆ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ।
ਭਾਈ ਦਲੀਪ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਲੈ ਲਈ। ਉਹ ਸ. ਜਸਵੰਤ ਸਿੰਘ ਝਬਾਲ ਆਦਿ ਨਾਲ ਸਿੰਘਾਂ ਦੇ ਜਥੇ ਨੂੰ ਰੋਕਣ ਲਈ ਤੁਰ ਪਏ। ਕਈ ਥਾਈਂ ਜਥੇ ਦੀ ਭਾਲ ਵਿਚ ਫਿਰਦੇ ਰਹੇ ਜੋ ਛੋਟੇ ਮੋਟੇ ਜਥੇ ਦੇ ਸਿੰਘ ਉਨ੍ਹਾਂ ਨੂੰ ਮਿਲ ਗਏ ਉਨ੍ਹਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਦੇ ਰਹੇ ਪਰ ਭਾਈ ਲਛਮਣ ਸਿੰਘ ਜੀ ਦਾ ਜਥਾ ਇਨ੍ਹਾਂ ਨੂੰ ਨਾ ਮਿਲਿਆ। ਭਾਈ ਲਛਮਣ ਸਿੰਘ ਦਾ ਜਥਾ 19 ਫਰਵਰੀ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਲਈ ਤੁਰ ਪਿਆ ਸੀ। ਇਸ ਵਿਚ ਭਾਈ ਲਛਮਣ ਸਿੰਘ ਦੀ ਸਿੰਘਣੀ ਸਮੇਤ ਹੋਰ ਦੋ ਸਿੰਘਣੀਆਂ ਵੀ ਸ਼ਾਮਲ ਸਨ। ਇਹ ਜਥਾ ਪਿੰਡੋਂ ਪਿੰਡ ਹੁੰਦਾ ਹੋਇਆ, ਨਨਕਾਣਾ ਸਾਹਿਬ ਤੋਂ 6 ਕਿਲੋਮੀਟਰ ਦੂਰ 'ਮੌਹਲਣ' ਵਿਖੇ ਪੁੱਜ ਗਿਆ। ਇਸ ਵਿਚ 150 ਦੇ ਕਰੀਬ ਸਿੰਘ ਸ਼ਾਮਲ ਸਨ।
ਇਨ੍ਹਾਂ ਨੇ ਚੰਦਰ ਕੋਟ ਤੋਂ ਆਉਣ ਵਾਲੇ ਜਥੇਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨਾਲ ਮਿਲਣ ਤੋਂ ਪਹਿਲਾਂ ਹੀ 'ਸ਼ੁਭ ਕੰਮ ਲਈ ਢਿੱਲ ਨਾ ਕਰਨ ਦੀ ਸੋਚ' ਲੈ ਕੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਭਾਈ ਲਛਮਣ ਸਿੰਘ ਨੇ ਸਾਰੇ ਜਥੇ ਪਾਸੋਂ ਹੱਥ ਨਾ ਉਠਾਉਣ ਅਤੇ ਸ਼ਾਂਤਮਈ ਰਹਿ ਕੇ ਸ਼ਹੀਦੀ ਪ੍ਰਾਪਤ ਕਰਨ ਦਾ ਪ੍ਰਣ ਲੈ ਲਿਆ। ਜਨਮ ਅਸਥਾਨ ਤੋਂ ਅੱਧਾ ਕੁ ਮੀਲ ਨੇੜੇ ਪੁਜ ਕੇ ਭਾਈ ਲਛਮਣ ਸਿੰਘ ਨੇ ਆਪਣੀ ਧਰਮਪਤਨੀ ਇੰਦਰ ਕੌਰ ਅਤੇ ਦੋ ਹੋਰ ਬੀਬੀਆਂ ਨੂੰ ਭਾਈ ਹਾਕਮ ਸਿੰਘ ਦੇ ਨਾਲ ਗੁਰਦੁਆਰਾ ਤੰਬੂ ਸਾਹਿਬ ਵੱਲ ਭੇਜ ਦਿੱਤਾ। ਨਾਲ ਹੀ 18 ਰੁਪਏ ਭਾਈ ਟਹਿਲ ਸਿੰਘ ਨੇ ਆਪਣੀ ਜੇਬ ਵਿਚੋਂ ਬੀਬੀ ਇੰਦਰ ਕੌਰ ਨੂੰ ਦੇ ਦਿੱਤੇ ਕਿ ਉਹ ਸ਼ਹੀਦੀ ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਦੇਣਗੀਆਂ। ਜਥੇਦਾਰ ਨੇ ਸੰਖੇਪ ਅਰਦਾਸਾ ਕੀਤਾ ਕਿ "ਗੁਰੂ ਨਾਨਕ ਤੇਰੇ ਦਰ ਦੇ ਕੂਕਰ ਤੇਰੇ ਦਰਸ਼ਨਾਂ ਨੂੰ ਆਏ ਹਾਂ ਤੇ ਇਰਾਦਾ ਧਾਰਿਆ ਏ ਤੇਰੇ ਦਰਬਾਰ ਅੰਦਰ ਹੋ ਰਹੀਆਂ ਕੁਰੀਤੀਆਂ ਨੂੰ ਆਪਣੇ ਖੂਨ ਨਾਲ ਧੌਣ ਦਾ। ਤੂੰ ਬਲ ਬਖਸ਼ ਕਿ ਅਸੀਂ ਆਪਣੇ ਇਰਾਦੇ ਵਿਚ ਸਫਲ ਹੋਈਏ।"
ਜਥਾ ਅੱਗੇ ਵਧਣ ਹੀ ਲੱਗਾ ਸੀ ਕਿ ਭਾਈ ਵਰਿਆਮ ਸਿੰਘ ਜਥੇ ਦੀ ਭਾਲ ਵਿਚ ਫਿਰ ਰਹੇ ਸਨ। ਉਨ੍ਹਾਂ ਭਾਈ ਲਛਮਣ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ। ਉਨ੍ਹਾਂ ਸਾਰੇ ਸਿੰਘਾਂ ਨੂੰ ਰੁਕਣ ਲਈ ਕਿਹਾ। ਭਾਈ ਟਹਿਲ ਸਿੰਘ ਨੇ ਕਿਹਾ ਕਿ ਖਾਲਸਾ ਜੀ ਹੁਣ ਸੋਚਣ ਦਾ ਵੇਲਾ ਨਹੀਂ। ਅਸੀਂ ਆਪਣੀਆਂ ਜ਼ਿੰਦਗੀਆਂ ਗੁਰਦੁਆਰੇ ਦੀ ਖਾਤਰ ਲਗਾ ਦੇਣ ਦਾ ਬਚਨ ਕਰ ਚੁੱਕੇ ਹਾਂ। ਇਰਾਦਾ ਧਾਰਿਆ ਹੈ ਕਿ ਨਨਕਾਣਾ ਸਾਹਿਬ ਆਜ਼ਾਦ ਕਰਵਾਉਣਾ ਹੈ ਜਾਂ ਸ਼ਹੀਦ ਹੋਣਾ ਹੈ। ਇਸ ਲਈ ਮੈਂ ਵਾਪਸ ਨਹੀਂ ਜਾਵਾਂਗਾ। ਇਉਂ ਕਹਿੰਦੇ ਹੋਏ ਭਾਈ ਟਹਿਲ ਸਿੰਘ ਜਨਮ ਅਸਥਾਨ ਨੂੰ ਤੁਰ ਪਏ। ਦੌੜ ਕੇ ਭਾਈ ਲਛਮਣ ਸਿੰਘ ਨੇ ਜੱਫਾਂ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਜਥੇਦਾਰ ਟਹਿਲ ਸਿੰਘ ਨੂੰ ਰੋਕ ਨਾ ਸਕੇ।
ਮਹੰਤ ਨਰਾਇਣ ਦਾਸ ਨੇ ਲਾਹੌਰ ਜਾਣਾ ਸੀ ਪਰ ਉਸ ਜਥੇ ਦੇ ਆਉਣ ਦਾ ਪਤਾ ਲੱਗ ਗਿਆ। ਉਸ ਨੇ ਗੁਰਦੁਆਰੇ ਅੰਦਰ ਅਗਾਹੂੰ ਹੀ ਬਦਮਾਸ਼ਾਂ ਤੇ ਕਾਤਲਾਂ ਦੀ ਤਿਆਰੀ ਕਰ ਦਿੱਤੀ ਸੀ ਤੇ ਗੁ: ਸਾਹਿਬ ਹੀ ਰਿਹਾ। ਜਥੇ ਨੇ ਜਨਮ ਅਸਥਾਨ ਦੇ ਬਾਹਰ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਤੇ ਅਤੇ ਬਾਕੀ ਹੇਠਾਂ ਬੈਠ ਗਏ। ਆਸਾ ਦੀ ਵਾਰ ਦਾ ਕੀਰਤਨ ਅਰੰਭ ਕਰ ਦਿੱਤਾ। ਇਹ ਸਭ ਨਰਾਇਣ ਦਾਸ ਮਹੰਤ ਵੇਖ ਰਿਹਾ ਸੀ।
ਦੱਖਣ ਦੀ ਬਾਹੀ ਵਾਲੇ ਪਾਸੋਂ ਸਿੰਘਾਂ 'ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਗੁ: ਅੰਦਰ ਸਾਧੂ ਆਦਿ ਹੋਲੀ ਹੋਲੀ ਖਿਸਕਣੇ ਸ਼ੁਰੂ ਹੋ ਗਏ। ਭਾਈ ਟਹਿਲ ਸਿੰਘ ਸ਼ਹੀਦ ਹੋ ਗਏ। ਅਨੇਕਾਂ ਸਿੰਘ ਜ਼ਖਮੀ ਹੋ ਗਏ। ਉਪਰੰਤ ਮਹੰਤ ਦੇ ਗੁੰਡਿਆਂ ਨੇ ਬੰਦੂਕਾਂ, ਬਰਛਿਆਂ, ਗੰਡਾਸਿਆਂ ਨਾਲ ਨਿਹੱਥੇ ਸਿੰਘਾਂ 'ਤੇ ਹਮਲਾ ਕਰ ਦਿੱਤਾ ਤੇ ਕਤਲੇਆਮ ਸ਼ੁਰੂ ਕਰ ਦਿੱਤਾ। ਸ਼ਹੀਦ ਤੇ ਜ਼ਖਮੀ ਹੋਏ ਸਿੰਘਾਂ ਦੇ ਖੂਨ ਦੇ ਪਰਨਾਲੇ ਅੰਦਰੋਂ ਬਾਹਰ ਚੱਲ ਰਹੇ ਸਨ। ਗੁਰਦੁਆਰਾ ਜਨਮ ਅਸਥਾਨ ਅੰਦਰ ਚਲ ਰਹੀ ਗੋਲੀ ਦੀ ਅਵਾਜ਼ ਦੂਰ-ਦੁਰਾਡੇ ਤਕ ਸੁਣੀ ਜਾ ਸਕਦੀ ਸੀ। ਗੋਲੀ ਦੀ ਆਵਾਜ਼ ਸੁਣ ਕੇ ਭਾਈ ਦਲੀਪ ਸਿੰਘ ਜੋ ਕਿ ਭਾਈ ਉਤਮ ਸਿੰਘ, ਭਾਈ ਵਰਿਆਮ ਸਿੰਘ ਦੇ ਕਾਰਖਾਨੇ 'ਚ ਆਪਣੀ ਗੱਲ ਦਸ ਰਹੇ ਸਨ। ਉਹ ਨਨਕਾਣਾ ਸਾਹਿਬ ਵੱਲ ਨੂੰ ਨੱਸ ਤੁਰੇ। ਕਿਉਂਕਿ ਉਨ੍ਹਾਂ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਹੋਈ ਸੀ।
ਭਾਈ ਸਾਹਿਬ ਅਸਰ-ਰਸੂਖ ਵਾਲੇ ਸਨ ਉਨ੍ਹਾਂ ਨੇ ਦਰਸ਼ਨੀ ਡਿਉੜੀ 'ਚ ਆ ਕੇ ਮਹੰਤ ਨੂੰ ਕਤਲੇਆਮ ਕਰਨ ਤੋਂ ਰੋਕਣ ਲਈ ਕਿਹਾ ਪਰ ਉਸ ਨੇ ਭਾਈ ਦਲੀਪ ਸਿੰਘ ਨੂੰ ਆਪਣੀ ਪਿਸਤੌਲ ਦੀ ਗੋਲੀ ਨਾਲ ਸ਼ਹੀਦ ਕਰ ਦਿੱਤਾ। ਮਹੰਤ ਦੇ ਬੰਦਿਆਂ ਨੇ ਭਾਈ ਵਰਿਆਮ ਸਿੰਘ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ। ਦੋਹਾਂ ਸਿੰਘਾਂ ਨੂੰ ਬਲਦੀਆਂ ਭੱਠੀਆਂ ਵਿਚ ਸੁੱਟ ਦਿੱਤਾ ਗਿਆ। ਮਹੰਤ ਦੀ ਧਾੜ ਨੇ ਗੋਲੀਆਂ, ਟਕੁਏ, ਲਾਠੀਆਂ ਤੇ ਇੱਟਾਂ ਮਾਰ ਮਾਰ ਕੇ ਸਿੰਘਾਂ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬਾਹਰੋਂ ਸਿੰਘਾਂ ਦੇ ਜੈਕਾਰੇ ਛੱਡਣ ਦੀ ਆਵਾਜ਼ ਆਈ ਇਹ ਬਦਮਾਸ਼ ਟੁਟ ਕੇ ਉਨ੍ਹਾਂ ਉਪਰ ਜਾ ਪਵੇ। ਮਹੰਤ ਖੁਦ ਕਤਲੇਆਮ ਦੀ ਅਗਵਾਈ ਕਰ ਰਿਹਾ ਸੀ। ਚੁਣ ਚੁਣ ਕੇ ਸਿੰਘਾਂ ਨੂੰ ਵੰਗਾਰ ਕੇ ਕਤਲ ਕਰਨ ਦੇ ਹੁਕਮ ਦੇ ਰਿਹਾ ਸੀ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਰੇਲਵੇ ਸਟੇਸ਼ਨ ਤਕ ਜੋ ਵੀ ਸਿੱਖ ਨਜ਼ਰੀਂ ਪਿਆ ਉਸਨੂੰ ਕਤਲ ਕਰ ਦਿੱਤਾ ਗਿਆ। ਇਕ 12 ਕੁ ਸਾਲ ਬੱਚਾ ਜੋ ਆਪਣੇ ਪਿਤਾ ਕੇਹਰ ਸਿੰਘ ਦੇ ਨਾਲ ਜਥੇ ਵਿਚ ਸ਼ਾਮਲ ਸੀ ਉਸਨੂੰ ਅਲਮਾਰੀ ਵਿਚੋਂ ਬਾਹਰ ਕੱਢ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ ਗਿਆ। ਮਹੰਤ ਤੇ ਉਹਦੇ ਗੁੰਡਿਆਂ ਨੇ ਚਾਰ ਲੋਥਾਂ ਛੱਡ ਕੇ ਬਾਕੀ ਸਭ ਨੂੰ ਸਮੇਤ ਫੱਟੜਾਂ ਦੇ ਤੇਲ ਪਾ ਕੇ ਸਾੜ ਦਿੱਤਾ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਜਿਉਂਦੇ ਸਾੜ ਦਿੱਤਾ ਗਿਆ।
ਡਿਪਟੀ ਕਮਿਸ਼ਨ ਕਰੀ ਨਨਕਾਣਾ ਸਾਹਿਬ ਬਾਅਦ ਦੁਪਹਿਰ ਪਿਛੋਂ ਇਕੱਲਾ ਹੀ ਮਹੰਤ ਨਾਲ ਅੰਦਰ ਗਿਆ, ਉਨ੍ਹਾਂ ਦੀ ਮਿਲੀ ਭੁਗਤ ਨਾਲ ਕੋਈ ਵੀ ਮੌਕੇ ਦਾ ਗਵਾਹ ਨਾ ਰਹੇ, ਫੱਟੜਾਂ ਨੂੰ ਵੀ ਖਤਮ ਕਰ ਦਿੱਤਾ ਗਿਆ। ਰਾਤ ਸਵਾ 9 ਵਜੇ ਡੀ.ਆਈ.ਜੀ. ਤੇ ਲਾਹੌਰ ਦਾ ਕਮਿਸ਼ਨਰ ਮੌਕੇ 'ਤੇ ਪੁੱਜਾ, ਉਨ੍ਹਾਂ ਨਾਲ 200 ਫੌਜੀ ਜਵਾਨ ਵੀ ਸਨ। ਉਨ੍ਹਾਂ ਨੇ ਮਹੰਤ ਨਰੈਣ ਸਮੇਤ 26 ਹੋਰ ਪਠਾਣਾਂ ਨੂੰ ਫੜ ਲਿਆ। ਉਦੋਂ ਤਕ ਬਾਕੀ ਸਾਰੇ ਬਦਮਾਸ਼ ਤੇ ਹੋਰ ਜਿੰਮੇਵਾਰ ਮਹੰਤ ਦੇ ਬੰਦੇ ਭੱਜ ਚੁੱਕੇ ਸਨ। ਗੁਰਦੁਆਰਾ ਜਨਮ ਅਸਥਾਨ 'ਤੇ ਗੋਰੀ ਸਰਕਾਰ ਨੇ ਕਬਜ਼ਾ ਕਰ ਲਿਆ। ਗੁਰਦੁਆਰੇ ਨੂੰ ਜਿੰਦਰੇ ਲਗਾ ਦਿੱਤੇ ਗਏ।
21 ਫਰਵਰੀ ਨੂੰ ਹੋਰ ਸਿੱਖ ਆਗੂ ਜਿਨ੍ਹਾਂ ਵਿਚ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਅਤੇ ਹਰਬੰਸ ਸਿੰਘ ਅਟਾਰੀ ਵੀ ਸਨ ਸਵੇਰੇ ਨਨਕਾਣਾ ਸਾਹਿਬ ਪੁੱਜੇ ਤੇ ਪੜਤਾਲ ਦਾ ਕੰਮ ਸ਼ੁਰੂ ਕੀਤਾ ਗਿਆ। ਗੁਰਦੁਆਰਾ ਜਨਮ ਅਸਥਾਨ ਅੰਦਰ ਥਾਂ ਥਾਂ 'ਤੇ ਸ਼ਹੀਦ ਸਿੰਘਾਂ ਦੇ ਕੇਸ, ਕੜੇ, ਕੰਘੇ ਅਤੇ ਗਲੀਆਂ ਸੜੀਆਂ ਲਾਸ਼ਾਂ ਤੇ ਖੋਪੜੀਆਂ ਦੇ ਢੇਰ ਪਏ ਹੋਏ ਸਨ। ਬਲਦੀ ਅੱਗ ਵਾਲੇ ਭੱਠਿਆਂ ਵਿਚੋਂ ਕੜੇ ਆਦਿ ਮਿਲੇ। ਇਸ ਸਾਰੇ ਕਤਲੇਆਮ ਵਿਚ ਲਗਭਗ 150 ਸਿੰਘ ਸ਼ਹੀਦ ਹੋਏ ਪਰ 86 ਸਿੰਘਾਂ ਦੇ ਨਾਮ ਹੀ ਮਿਲ ਸਕੇ। ਉਧਰ ਸਰਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਜਨਮ ਅਸਥਾਨ 'ਤੇ ਵਰਤੇ ਕਤਲੇਆਮ ਦੀ ਇਤਲਾਹ ਮਿਲ ਚੁੱਕੀ ਸੀ। ਇਨ੍ਹਾਂ ਨੇ ਚੂਹੜਕਾਣੇ ਤੋਂ ਜਨਮ ਅਸਥਾਨ ਲਈ 20 ਫਰਵਰੀ ਸਵੇਰੇ 11 ਵਜੇ ਹੀ 'ਅਰਦਾਸ ਸੋਧ' ਦੇ ਚਾਲੇ ਪਾ ਦਿੱਤੇ ਸਨ, ਜਦੋਂ ਇਹ ਜੱਥਾ ਅਗਲੇ ਦਿਨ ਨਨਕਾਣਾ ਸਾਹਿਬ ਤੋਂ 2 ਮੀਲ ਦੂਰ ਪਹੁੰਚਿਆ ਤਾਂ ਸਰਦਾਰ ਕਰਤਾਰ ਸਿੰਘ ਝੱਬਰ ਜੀ ਨੇ ਸਭ ਨੂੰ ਖੜ੍ਹਾ ਕਰਕੇ ਇਕ ਲਕੀਰ ਖਿੱਚ ਦਿੱਤੀ ਅਤੇ ਸਿੰਘਾਂ ਨੂੰ ਵੰਗਾਰ ਕੇ ਕਿਹਾ ਕਿ ਜਿਸ ਨੇ ਗੁਰਦੁਆਰੇ 'ਤੇ ਕਬਜ਼ੇ ਵਾਸਤੇ ਸ਼ਹੀਦੀ ਪ੍ਰਾਪਤ ਕਰਨੀ ਹੈ ਉਹ ਅੱਗੇ ਵਧੇ, ਇਸ ਤਰ੍ਹਾਂ ਕਰੀਬ 2200 ਸਿੰਘ ਸਿਰ 'ਤੇ ਕਫਨ ਬੰਨ੍ਹ ਕੇ ਲਕੀਰ ਪਾਰ ਕਰਕੇ ਖੜ੍ਹੇ ਹੋ ਗਏ। ਝੱਬਰ ਜੀ ਨੇ ਗੁਰਦੁਆਰਾ ਜਨਮ ਅਸਥਾਨ ਵੱਲ ਨੂੰ ਮਾਰਚ ਅਰੰਭ ਕਰ ਦਿੱਤਾ। ਹਰੇਕ ਸਿੰਘ ਹਥਿਆਰਬੰਦ ਸੀ, ਇਨ੍ਹਾਂ ਨੂੰ ਐਸੀ ਕੋਈ ਸਹੁੰ ਨਹੀਂ ਸੀ ਚੁਕਾਈ ਗਈ ਕਿ ਵਾਰ ਨਹੀਂ ਕਰਨਾ। ਇਹ ਆਏ ਹੀ ਮਰਨ ਮਾਰਨ ਦਾ ਨਿਸ਼ਚਾ ਕਰਕੇ ਸਨ। ਅਸਰ-ਰਸੂਖ ਰੱਖਣ ਵਾਲੇ ਸਿੱਖ ਆਗੂਆਂ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕਿ ਫੌਜ ਹੈ ਅਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਹਨ। ਪਰ ਸਿੰਘਾਂ ਨੇ 'ਅਗਾਂਹ ਕੂ ਤ੍ਰਾਂਘ ਪਿਛਾਂਹ ਫੇਰ ਨ ਮੁਹਡੜਾ' ਦੇ ਵਾਕ ਅਨੁਸਾਰ ਪੂਰਾ ਜ਼ੋਰ ਨਾਲ ਦੌੜ ਕੇ ਗੋਰਿਆਂ ਪਾਸੋਂ ਮਸ਼ੀਨਗੰਨਾਂ ਖੋਹਣ ਦਾ ਫੈਸਲਾ ਕਰ ਲਿਆ ਸੀ। ਡੀ.ਸੀ. ਕਰੀ ਨੇ ਅੱਗੇ ਵਧ ਕੇ ਝੱਬਰ ਜੀ ਦੇ ਜੱਥੇ ਨੂੰ ਰੁਕਣ ਵਾਸਤੇ ਕਿਹਾ ਤੇ ਨਾਲ ਹੀ ਧਮਕੀ ਦਿੱਤੀ ਕਿ ਆਗੇ ਗੋਰਾ ਫੌਜ ਹੈ ਅਗਰ ਆਪ ਆਗੇ ਬੜੋਗੇ ਤੋ ਗੋਲੀ ਚਲ ਜਾਏਗੀ। ਝੱਬਰ ਜੀ ਨੇ ਕਿਹਾ ਆਪ ਗੋਲੀ ਚਲਾਓ ਮੇਰੇ ਜਵਾਨੋਂ ਕੇ ਹਾਥ ਦੇਖੋ। ਮਿਸਟਰ ਕਰੀ ਨੇ ਕਿਹਾ ਕਿ ਆਪ ਇੰਤਜ਼ਾਰ ਕਰੋ ਚਾਬੀਆਂ ਕਲ੍ਹ ਸਵੇਰੇ ਮਿਲੇਂਗੀ। ਝੱਬਰ ਜੀ ਨੇ ਜਵਾਬ ਦਿੱਤਾ ਕਿ ਚਾਬੀਆਂ ਹੁਣੇ ਹੀ ਲੈਣੀਆਂ ਹਨ ਤੇ ਗੋਰਾ ਫੌਜ ਵੀ ਹੁਣੇ ਹੀ ਹਟੇਗੀ। ਜਥੇ ਦੇ ਸਿੰਘਾਂ ਨੇ ਅੰਗਰੇਜ਼ ਅਫਸਰ ਨੂੰ ਕਿਹਾ ਕਿ ਪਿੱਛੇ ਹਟ ਜਾਓ ਨਹੀਂ ਤਾਂ ਨੁਕਸਾਨ ਦੇ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ। ਫਿਰ ਕੀ ਸੀ ਡੀ.ਸੀ. ਮਿਸਟਰ ਕਰੀ ਨੇ ਦੋ ਮਿੰਟ ਵਿਚ ਹੀ ਚਾਬੀਆਂ ਦੇ ਦਿੱਤੀਆਂ। ਇਸ ਤਰ੍ਹਾਂ ਉਸ ਵੇਲੇ ਸਰਦਾਰ ਹਰਬੰਸ ਸਿੰਘ ਪ੍ਰਧਾਨ ਦੀ ਅਗਵਾਈ ਹੇਠ 7 ਮੈਂਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕੀਤੀ ਗਈ ਅਤੇ ਸਿੰਘਾਂ ਨੇ ਅੰਗਰੇਜ਼ ਸਰਕਾਰ ਪਾਸੋਂ ਗੁਰਦੁਆਰੇ ਦਾ ਕਬਜ਼ਾ ਲੈ ਲਿਆ। ਗੁਰਦੁਆਰਾ ਖੋਲ੍ਹਣ 'ਤੇ ਅੰਦਰ ਦਾ ਦ੍ਰਿਸ਼ ਬਰਦਾਸ਼ਤ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਫੈਸਲਾ ਕੀਤਾ ਗਿਆ ਕਿ ਅਗਲੇ ਦਿਨ 22 ਫਰਵਰੀ ਨੂੰ ਸ਼ਹੀਦਾਂ ਦੇ ਦਰਸ਼ਨ ਕਰਾਏ ਜਾਣਗੇ।
22 ਫਰਵਰੀ ਸਵੇਰੇ 11 ਵਜੇ ਸਿੰਘਾਂ ਨੇ ਗੁਰਦੁਆਰੇ ਅੰਦਰ ਜਾ ਕੇ ਵੇਖਿਆ ਕਿ ਥਾਂ ਥਾਂ ਸਿੰਘਾਂ ਦੇ ਅਧ ਸੜੇ ਸਰੀਰ ਖਿਲਰੇ ਪਏ ਸਨ ਅਤੇ ਰੇਲਵੇ ਲਾਇਨ ਕੋਲੋਂ ਭੱਠੀਆਂ ਵਿਚੋਂ ਦਲੀਪ ਸਿੰਘ ਤੇ ਵਰਿਆਮ ਸਿੰਘ ਦੇ ਅੱਧ ਸੜੇ ਸਰੀਰ ਕੱਢੇ ਗਏ। ਸਮੂਹ ਸ਼ਹੀਦਾਂ ਦਾ ਅੰਗੀਠਾ ਤਿਆਰ ਕੀਤਾ ਗਿਆ ਅਰਦਾਸਾ ਸੋਧਿਆ ਗਿਆ ਤੇ ਸਿੰਘਾਂ ਦਾ ਸੰਪੂਰਨ ਸਸਕਾਰ ਕੀਤਾ ਗਿਆ।
ਇਹ ਸ਼ਹਾਦਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜੇਕਰ 6 ਮਾਰਚ ਦੇ ਪੰਥਕ ਇਕੱਠ ਵਾਲੇ ਦਿਨ ਇਹ ਭਾਣਾ ਵਾਪਰਦਾ ਤਾਂ ਕੌਮ ਦਾ ਕਿੰਨਾ ਹੋਰ ਵੱਡਾ ਨੁਕਸਾਨ ਹੋ ਜਾਂਦਾ। ਅਫਸੋਸ ਕਿ ਅੱਜ ਵੀ ਗੁਰਦੁਆਰਾ ਪ੍ਰਬੰਧ 'ਤੇ ਕਾਨੂੰਨੀ ਮਹੰਤ ਸ਼੍ਰੇਣੀ ਦਾ ਕਬਜ਼ਾ ਹੋ ਚੁੱਕਾ ਹੈ ਉਹ ਵੀ ਗੁਰੂ ਘਰ ਅੰਦਰ ਮਨਮਾਨੀਆਂ ਕਰਦੇ ਆ ਰਹੇ ਹਨ। ਲੋੜ ਹੈ ਜਥੇਦਾਰ ਕਰਤਾਰ ਸਿੰਘ ਝੱਬਰ ਵਾਂਗ ਅਣਖ ਰੱਖਣ ਵਾਲੇ ਕੌਮੀ ਆਗੂ ਦੀ ਤਾਂ ਕਿ ਗੁਰਦੁਆਰਾ ਪ੍ਰਬੰਧ ਮੁੜ ਪੰਥਕ ਲੀਹਾਂ 'ਤੇ ਲਿਆਂਦਾ ਜਾ ਸਕੇ।
ਪਿੰ. ਪਰਵਿੰਦਰ ਸਿੰਘ ‘ਖਾਲਸਾ'
(ਗੁਰਮਤਿ ਸਿਖਲਾਈ ਕੇਂਦਰ)
mo. - 98780-11670
Email: gurmatsikhlayekender@gmail. com