ਮਹਾਰਾਜਾ ਨਾਂਭਾ ਨੂੰ ਗਦੀਓਂ ਲਾਹਣਾ


ਜੈਤੋ ਪੰਜਾਬ ਦਾ ਇਕ ਛੋਟਾ ਕਸਬਾ ਹੈ। ਕਸਬੇ ਵਿਚ ਇਕ ਕਿਲ੍ਹਾ ਹੈ। ਕਿਲ੍ਹੇ ਦੇ ਨੇੜੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਇਕ ਇਤਿਹਾਸਕ ਗੁਰਦੁਆਰਾ ਹੈ, ਜਿਸ ਨੂੰ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਉਸਰਵਾਇਆ ਸੀ। ਇਸ ਗੁਰਦੁਆਰਾ ਸਾਹਿਬ ਦੇ ਸਰੋਵਰ ਨੂੰ ਗੰਗਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮਹਾਰਾਜਾ ਨਾਂਭਾ ਨੂੰ ਗਦੀਓਂ ਲਾਹਣਾ

ਗੁਰਦੁਆਰਾ ਗੰਗਸਰ ਜੈਤੋ ਦਾ ਮੋਰਚਾ ਅਕਾਲੀ ਲਹਿਰ ਦਾ ਸਭ ਤੋਂ ਵੱਡਾ ਮੋਰਚਾ ਸੀ। ਕਿਉਂਕਿ ਇਸ ਮੋਰਚੇ ਵਿਚ ਸਿੱਖ ਪੰਥ ਨੇ ਪੰਥਕ ਏਕਤਾ, ਕੁਰਬਾਨੀ, ਜਥੇਬੰਦੀ ਤੇ ਪੰਥਕ ਜੋਸ਼ ਦੇ ਅਦੁੱਤੀ ਨਜ਼ਾਰੇ ਪੇਸ਼ ਕੀਤੇ। 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦੀ ਸਾਜਨਾ ਤੋਂ ਹੀ ਸਿੱਖ ਪੰਥ ਜ਼ਾਲਮ ਹਮਲਾਵਰਾਂ ਤੇ ਹਾਕਮਾਂ ਦਾ ਖਾਤਮਾ ਕਰਨ ਲਈ ਸਦਾ ਹੀ ਤਿਆਰ ਰਿਹਾ ਹੈ। ਸਿੱਖ ਧਰਮ ਵਿਚ ਸ਼ਹੀਦੀਆਂ ਦਾ ਇਤਿਹਾਸ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਦੀ ਬੇਮਿਸਾਲ ਸ਼ਹਾਦਤ ਤੋਂ ਸ਼ੁਰੂ ਹੁੰਦਾ ਹੈ। ਜਬਰ, ਜ਼ੁਲਮ ਦੇ ਵਿਰੁੱਧ ਜਹਾਦ ਦਾ ਜੋ ਸੰਕਲਪ ਸਿੱਖ ਪੰਥ ਨੇ ਲਿਆ ਸੀ, ਉਸੇ ਹੀ ਕੜੀ ਵਿਚ ਇਸ ਸਦੀ ਦੇ ਤੀਸਰੇ ਦਹਾਕੇ ਵਿਚ ਗੰਗਸਰ ਜੈਤੋ ਦਾ ਸਾਕਾ ਵਾਪਰਿਆ, ਜਿਸ ਵਿਚ ਅਨੇਕ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਸਿੱਖ ਜਗਤ ਵਿਚ 21 ਫਰਵਰੀ ਦਾ ਦਿਨ ਸ਼ਹੀਦੀ ਦਿਵਸ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ। ਅਕਾਲੀ ਲਹਿਰ ਸਮੇਂ 21 ਫਰਵਰੀ 1924 ਨੂੰ ਗੁਰਦੁਆਰਾ ਗੰਗਸਰ ਜੈਤੋ ਦੀ ਜੂਹ ਵਿਚ ਅੰਗਰੇਜ਼ ਸਰਕਾਰ ਨੇ 500 ਸਿੰਘਾਂ ਦੇ ਸ਼ਾਂਤਮਈ ਜਥੇ ਉਂਤੇ ਗੋਲੀਆਂ ਦਾ ਮੀਂਹ ਵਰਸਾ ਕੇ ਜੋ ਸਾਕਾ ਵਰਤਾਇਆ ਸੀ, ਉਹ ਪੰਥ ਦੇ ਇਤਿਹਾਸ ਦਾ ਸਦੀਵੀ ਅੰਗ ਬਣ ਚੁਕਾ ਹੈ।

ਜੈਤੋ ਦੇ ਮੋਰਚੇ ਬਾਰੇ ਵਿਸਥਾਰ ਵਿਚ ਜਾਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਮੋਰਚੇ ਦੇ ਸ਼ੁਰੂ ਹੋਣ ਦਾ ਕਾਰਨ ਕੀ ਸੀ? ਇਸ ਸੰਬੰਧੀ ਅਲੱਗ- ਅਲੱਗ ਕਿਸਮ ਦੀਆਂ ਰਾਵਾਂ ਹਨ। ਪਰ ਸਭ ਤੋਂ ਵੱਡਾ ਕਾਰਨ ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਨ ਵਿਰੁੱਧ ਸਿੱਖਾਂ ਵਿਚ ਫੈਲਿਆ ਹੋਇਆ ਰੋਸ ਸੀ। ਆਪਣੇ ਪਿਤਾ ਦੀ ਤਰ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਬਹੁਤ ਧਾਰਮਿਕ ਬਿਰਤੀ ਵਾਲਾ ਵਿਅਕਤੀ ਸੀ। ਇਹ ਸਿੱਖ ਪੰਥ ਨਾਲ ਪੂਰਾ ਲਗਾਓ ਰੱਖਦੇ ਸਨ। ਮਹਾਰਾਜਾ ਰਿਪੁਦਮਨ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਤੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਮਹਾਂਪੁਰਖਾਂ ਦੀ ਬਹੁਤ ਕਦਰ ਕਰਦੇ ਸਨ। ਆਪ ਦਾ ਵੀ ਸਿੱਖ ਪੰਥ ਵਿਚ ਬੜਾ ਮਾਣ ਤੇ ਸਤਿਕਾਰ ਸੀ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੂੰ ਮਹਾਰਾਜਾ ਰਿਪੁਦਮਨ ਸਿੰਘ ਦਾ ਸਿੱਖਾਂ ਚ ਹਰਮਨ ਪਿਆਰਾ ਹੋਣਾ ਤੇ ਸਿੱਖ ਆਗੂਆਂ ਨਾਲ ਮੇਲ਼-ਜੋਲ਼ ਰੱਖਣਾ ਚੰਗਾ ਨਹੀਂ ਲੱਗਦਾ ਸੀ। ਇਸ ਨੂੰ ਨਾ ਸਹਾਰਦੇ ਹੋਏ ਮਹਾਰਾਜਾ ਪਟਿਆਲਾ ਨੇ ਮਹਾਰਾਜਾ ਨਾਭਾ ਨਾਲ ਝਗੜਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਸਰਕਾਰ ਪਹਿਲਾਂ ਹੀ ਕਈ ਕਾਰਨਾਂ ਕਰਕੇ ਇਨ੍ਹਾਂ ਦੇ ਖਿਲਾਫ਼ ਸੀ। ਇਸੇ ਗੱਲ ਦਾ ਲਾਭ ਉਠਾਉਂਦੇ ਹੋਏ ਮਹਾਰਾਜਾ ਪਟਿਆਲਾ ਨੇ ਮਹਾਰਾਜਾ ਨਾਭਾ ਵਿਰੁੱਧ ਕਈ ਮੁਕੱਦਮੇ ਦਾਇਰ ਕਰ ਦਿੱਤੇ। ਸਰਕਾਰ ਨੇ ਨਾਭਾ ਪਟਿਆਲਾ ਦਾ ਝਗੜਾ ਨਿਬੇੜਨ ਲਈ ਅਲਾਹਾਬਾਦ ਹਾਈਕੋਰਟ ਦੇ ਜੱਜ ਮਿਸਟਰ ਸਟੂਆਰਟ ਨੂੰ ਨੀਯਤ ਕਰ ਦਿੱਤਾ। ਮੁਕੱਦਮੇ ਦੇ ਦੌਰਾਨ ਨਾਭੇ ਦੇ ਬਹੁਤ ਸਾਰੇ ਅਹਿਲਕਾਰ ਦੂਜੇ ਧੜੇ ਨਾਲ ਮਿਲ ਗਏ, ਜਿਸ ਕਰਕੇ ਮਹਾਰਾਜਾ ਨਾਭਾ ਦਾ ਪੱਖ ਕਮਜ਼ੋਰ ਹੋ ਗਿਆ। ਮਿਸਟਰ ਸਟੂਆਰਟ ਨੇ ਫੈਸਲਾ ਮਹਾਰਾਜਾ ਨਾਭਾ ਦੇ ਵਿਰੁੱਧ ਕਰ ਦਿੱਤਾ। ਸਰਕਾਰ ਨੇ ਮਹਾਰਾਜਾ ਨਾਭਾ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਤਿਆਗ ਪੱਤਰ ਲਿਖ ਦਿੱਤਾ ਪਰ ਸਰਕਾਰ ਨੇ ਮਹਾਰਾਜਾ ਨਾਭਾ ਨੂੰ ਤਿੰਨ ਲੱਖ ਰੁਪਏ ਸਾਲਾਨਾ ਨੀਯਤ ਕਰਕੇ ਦੇਹਰਾਦੂਨ ਭੇਜ ਦਿੱਤਾ। 9 ਜੁਲਾਈ 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹਿਆ ਗਿਆ, ਉਸ ਵਕਤ ਹਿੰਦੁਸਤਾਨ ਦਾ ਵਾਇਸਰਾਇ ਲਾਰਡ ਰੀਡਿੰਗ ਪੋਲੀਟੀਕਲ ਡਿਪਾਰਟਮੈਂਟ ਦਾ ਸੱਕਤਰ ਜੇ. ਪੀ. ਥਾਮਪਸਨ ਤੇ ਪੰਜਾਬ ਦੀਆਂ ਰਿਆਸਤਾਂ ਦਾ ਏਜੰਟ ਕਰਨਲ ਮਿੰਚਨ ਸੀ।

ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਸਰਕਾਰ ਨੇ ਮਹੰਤਾਂ ਦਾ ਸਾਥ ਦਿੱਤਾ। ਸਿੱਖ ਰਾਜਿਆਂ ਨੇ ਵੀ ਅਕਾਲੀਆਂ ਦਾ ਸਾਥ ਨਾ ਦਿੱਤਾ। ਸਿਰਫ਼ ਤੇ ਸਿਰਫ਼ ਮਹਾਰਾਜਾ ਨਾਭਾ ਨੇ ਅਕਾਲੀ ਲਹਿਰ ਦੀ ਹਿਮਾਇਤ ਕੀਤੀ। ਜਦੋਂ ਨਨਕਾਣਾ ਸਾਹਿਬ ਕਤਲੇਆਮ ਦੇ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਦਿਨ ਮਨਾਉਣ ਹਿਤ ਕਾਲੇ ਦਸਤਾਰੇ ਸਜਾਉਣ ਦੀ ਅਪੀਲ ਜਾਰੀ ਕੀਤੀ ਤਾਂ ਮਹਾਰਾਜਾ ਨਾਭਾ ਨੇ ਆਪ ਵੀ ਕਾਲੀ ਦਸਤਾਰ ਸਜਾਈ ਤੇ ਅਰਦਾਸ ਦਿਵਸ ਤੇ ਸਰਕਾਰੀ ਛੁੱਟੀ ਵੀ ਕੀਤੀ। ਅੰਗਰੇਜ਼ ਸਰਕਾਰ ਨੂੰ ਇਸ ਨਾਲ ਬੜੀ ਤਕਲੀਫ਼ ਹੋਈ ਕਿਉਂਕਿ ਸਰਕਾਰ ਤਾਂ ਕਾਲੀ ਦਸਤਾਰ ਸਜਾਉਣ ਵਾਲਿਆਂ ਨੂੰ ਸਜ਼ਾ ਦੇ ਰਹੀ ਸੀ। ਹਾਲਾਂਕਿ ਨਵੰਬਰ 1920 ਵਿਚ ਜਦੋਂ ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਢੱਠੀ ਦੀਵਾਰ ਮੁੜ ਉਸਾਰਨ ਵੇਲੇ ਸ਼ਹੀਦੀ ਜਥਾ ਦਿੱਲੀ ਲਿਜਾਣ ਦੀ ਤਾਰੀਖ ਦਾ ਐਲਾਨ ਹੋਇਆ ਤਾਂ ਮਹਾਰਾਜਾ ਨਾਭਾ ਨੇ ਵਿਚੋਲਾ ਬਣ ਕੇ ਦੀਵਾਰ ਉਸਰਵਾ ਕੇ ਸਰਕਾਰ ਨੂੰ ਮੁਸ਼ਕਲ ਵਿਚੋਂ ਕੱਢ ਲਿਆ ਪਰ ਇਸ ਦੇ ਬਾਵਜੂਦ ਨਾਭੇ ਦਾ ਮਹਾਰਾਜਾ ਸਰਕਾਰ ਦੀਆਂ ਅੱਖਾਂ ਵਿਚ ਰੜਕਦਾ ਸੀ।

ਪ੍ਰੋ. ਰੁਚੀ ਰਾਮ ਸਾਹਨੀ ਪੁਸਤਕ ਸ਼ਟਰੁਗਗਲੲ ਡੋਰ ੍ਰੲਡੋਰਮ ਨਿ ਸ਼ਕਿਹ ਸ਼ਹਰਨਿੲਸ ਵਿਚ ਲਿਖਦੇ ਹਨ ਕਿ ਆਮ ਲੋਕਾਂ ਵਿਚ ਮਹਾਰਾਜਾ ਨਾਭਾ ਹਰਮਨ ਪਿਆਰਾ ਸੀ ਤੇ ਲੋਕ ਚਾਹੁੰਦੇ ਸਨ ਕਿ ਉਹ ਫੇਰ ਗੱਦੀ ਤੇ ਬਹਾਲ ਹੋ ਜਾਵੇ। ਲੋਕਾਂ ਨੇ ਗੁਰਦੁਆਰਾ ਗੰਗਸਰ ਵਿਚ ਰੋਸ ਦੀਵਾਨ ਕਰਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਸਰਕਾਰ ਦੇ ਫੈਸਲੇ ਵਿਰੁੱਧ ਲੋਕਾਂ ਵਿਚ ਰੋਸ ਪੈਦਾ ਹੋ ਗਿਆ। ਥਾਂ-ਥਾਂ ਮਤੇ ਪਾਸ ਕਰਕੇ ਮਹਾਰਾਜਾ ਨਾਭਾ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਲੋਕ ਰਾਇ ਤੋਂ ਮਜਬੂਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਭੀ ਇਹ ਕੰਮ ਆਪਣੇ ਹੱਥ ਵਿਚ ਲੈਣਾ ਪਿਆ। ਸਿੱਖ ਜਨਤਾ ਇਸ ਫੈਸਲੇ ਤੋਂ ਬਹੁਤ ਬੇਚੈਨ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਵੱਖ-ਵੱਖ ਸਿੱਖ ਸੰਗਤਾਂ ਵੱਲੋਂ ਪਾਸ ਕੀਤੇ ਮਤੇ ਪੁੱਜੇ ਕਿ ਇਸ ਬਾਰੇ ਸਹੀ ਹਾਲਾਤ ਪਤਾ ਕੀਤੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਇਸਰਾਇ ਨੂੰ ਤਾਰ ਦਿੱਤੀ, ਜਿਸ ਦਾ ਭਾਵ ਸੀ ਕਿ "ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਨ ਬਾਰੇ ਇਕ ਨਿਰਪੱਖ ਪੜਤਾਲੀਆ ਕਮਿਸ਼ਨ ਨੀਯਤ ਕੀਤਾ ਜਾਵੇ, ਜੋ ਸਹੀ ਹਾਲਾਤ ਜਨਤਾ ਦੇ ਸਾਹਮਣੇ ਰੱਖੇ।" ਸਰਕਾਰ ਨੇ ਕੋਈ ਤਸੱਲੀਬਖ਼ਸ਼ ਉਂਤਰ ਨਾ ਦਿੱਤਾ, ਜਿਸ ਕਰਕੇ ਲੋਕਾਂ ਨੂੰ ਨਿਸਚਾ ਹੋ ਗਿਆ ਕਿ ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਿਆ ਗਿਆ ਹੈ। 5 ਅਗਸਤ, 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਹੋਈ, ਜਿਸ ਵਿਚ ਮਹਾਰਾਜਾ ਨਾਭਾ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ। ਉਸ ਮਤੇ ਦਾ ਭਾਵ ਸੀ, "ਸਾਰੇ ਯੋਗ ਤੇ ਪੁਰ ਅਮਨ ਤਰੀਕਿਆਂ ਨਾਲ ਮਹਾਰਾਜਾ ਨਾਭਾ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕੀਤਾ ਜਾਵੇ।" ਸੰਗਤਾਂ ਪਾਸ ਅਪੀਲ ਕੀਤੀ ਕਿ ਉਹ ਥਾਂ-ਥਾਂ ਦੀਵਾਨ ਕਰਨ, ਜਲੂਸ ਕੱਢਣ ਤੇ ਮਤੇ ਪਾਸ ਕਰਨ ਤੇ ਮਹਾਰਾਜਾ ਨਾਭੇ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕਰਾਉਣ ਲਈ ਅਰਦਾਸੇ ਸੋਧਣ। ਅਕਾਲੀ ਦਲ ਨੇ ਵੀ ਇਸ ਐਲਾਨ ਦੀ ਪ੍ਰੋੜਤਾ ਕੀਤੀ। ਸਭ ਥਾਈਂ ਨਾਭਾ ਦਿਨ ਜੋਸ਼ ਨਾਲ ਮਨਾਇਆ ਗਿਆ।

ਸਰਕਾਰ ਪ੍ਰੋਪੇਗੰਡਾ ਕਰਦੀ ਸੀ ਕਿ ਆਮ ਜਨਤਾ ਵੀ ਮਹਾਰਾਜੇ ਦੇ ਵਿਰੁੱਧ ਹੈ ਪਰ ਇਹ ਗੱਲ ਠੀਕ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਖ਼ਬਰਾਂ ਪਹੁੰਚਾਊ ਏਜੰਸੀਆਂ ਵੀ ਸਰਕਾਰ ਦੇ ਰਹਿਮੋ-ਕਰਮ ਤੇ ਨਿਰਭਰ ਕਰਦੀਆਂ ਸਨ। ਪਾਇਉਨੀਅਰ ਅਲਾਹਾਬਾਦ, ਸਿਵਲ ਮਿਲਟਰੀ ਗਜ਼ਟ ਲਾਹੌਰ, ਸਟੇਟਸਮੈਨ ਦਿੱਲੀ, ਰੋਜ਼ਾਨਾ ਅੰਗਰੇਜ਼ੀ ਦੇ ਅਖ਼ਬਾਰ ਅੰਗਰੇਜ਼ ਰਾਜ ਦਾ ਪੱਖ ਪੂਰੀ ਤਰ੍ਹਾਂ ਪੇਸ਼ ਕਰਦੇ ਸਨ। ਪਾਇਉਨੀਅਰ ਅਲਾਹਾਬਾਦ ਨੇ ਇਹ ਖ਼ਬਰ ਛਾਪੀ ਕਿ "ਅਕਾਲੀਆਂ ਨੇ ਜੈਤੋ ਵਿਚ ਗੁਰਦੁਆਰਾ ਗੰਗਸਰ ਉਂਤੇ ਜਬਰਦਸਤੀ ਕਬਜ਼ਾ ਕਰ ਲਿਆ ਹੈ।" (ਉਸ ਸਮੇਂ ਤਕ ਸਾਰੇ ਇਤਿਹਾਸਕ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਨਹੀਂ ਸੀ, ਸਗੋਂ ਬਹੁਤ ਸਾਰੇ ਅਸਥਾਨਾਂ ਤੇ ਮਹੰਤਾਂ ਜਾਂ ਪੁਜਾਰੀਆਂ ਦਾ ਕਬਜ਼ਾ ਸੀ।)

25, 26, 27 ਅਗਸਤ ਨੂੰ ਇਲਾਕੇ ਦੇ ਸੱਜਣਾਂ ਨੇ ਜੈਤੋ ਵਿਚ ਭਾਰੀ ਧਾਰਮਿਕ ਦੀਵਾਨ ਕਰਨ ਦਾ ਫੈਸਲਾ ਕੀਤਾ। ਨਾਭੇ ਦੀ ਨਵੀਂ ਹਕੂਮਤ ਨੇ ਇਸ ਵਿਚ ਵਿਘਨ ਪਾਉਣ ਦਾ ਜਤਨ ਕੀਤਾ। 25 ਅਗਸਤ ਨੂੰ ਦੀਵਾਨ ਵਿਚ ਸ਼ਾਮਲ ਹੋਣ ਵਾਲੇ ਆਦਮੀਆਂ ਦੇ ਪੁਲਿਸ ਨੇ ਨਾਂ ਲਿਖਣੇ ਸ਼ੁਰੂ ਕਰ ਦਿੱਤੇ। ਰਸਦਾਂ ਭੇਜਣ ਵਾਲਿਆਂ ਨੂੰ ਡਰਾਇਆ ਧਮਕਾਇਆ ਗਿਆ। ਜਦ ਪ੍ਰਬੰਧਕਾਂ ਨੇ ਇਹ ਹਾਲਾਤ ਵੇਖੇ ਤਾਂ ਉਨ੍ਹਾਂ ਨੇ ਲੰਗਰ ਲਈ ਦੀਵਾਨ ਵਿਚ ਅਪੀਲ ਕੀਤੀ। ਇਸ ਸਮੇਂ ਸ. ਨੰਦ ਸਿੰਘ, ਪਿੰਡ ਮੱਤਾ, ਰਿਆਸਤ ਫਰੀਦਕੋਟ ਨੇ ਐਲਾਨ ਕੀਤਾ ਕਿ ਜਿੰਨੀ ਰਸਦ ਲੋੜੀਂਦੀ ਹੋਵੇ, ਉਸ ਦਾ ਪ੍ਰਬੰਧ ਮੈਂ ਕਰਾਂਗਾ।

27 ਅਗਸਤ ਨੂੰ ਦੀਵਾਨ ਵਿਚ ਇਕੱਤਰ ਹੋਈ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਤੇ ਮਹਾਰਾਜਾ ਨਾਭਾ ਵਾਸਤੇ ਪ੍ਰਾਰਥਨਾ ਕਰਨ ਵਿਚ ਰੁੱਝ ਗਈ। ਸਰਕਾਰੀ ਕਰਮਚਾਰੀਆਂ ਵੱਲੋਂ ਪਾਠ ਤੇ ਪ੍ਰਾਰਥਨਾ ਕਰਨੋਂ ਭੀ ਰੋਕਿਆ ਗਿਆ। ਗੁਰਦੁਆਰਾ ਸਾਹਿਬ ਤੇ ਦੀਵਾਨ ਅਸਥਾਨ ਦੇ ਰਸਤੇ ਬੰਦ ਕਰ ਦਿੱਤੇ ਗਏ ਤੇ ਪ੍ਰਸ਼ਾਦਾ-ਪਾਣੀ ਅੰਦਰ ਲਿਆਉਣਾ ਬੰਦ ਕਰ ਦਿੱਤਾ ਗਿਆ। ਇਸ ਕਰਕੇ ਪਹਿਲੀ ਸਤੰਬਰ, 1923 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਗੰਗਸਰ (ਜੈਤੋ) ਵਿਖੇ ਇਕ ਜਥਾ ਕੇਵਲ ਇਸ ਲਈ ਭੇਜਿਆ ਤਾਂ ਕਿ ਧਾਰਮਿਕ ਦੀਵਾਨ ਕਰਨ ਦਾ ਹੱਕ ਰਾਖਵਾਂ ਰੱਖਿਆ ਜਾ ਸਕੇ। ਪਰ ਰਿਆਸਤ ਨਾਭਾ ਦੇ ਨਵੇਂ ਪ੍ਰਬੰਧਕਾਂ ਨੇ ਮਾਰਸ਼ਲ ਲਾਅ ਲਗਾ ਦਿੱਤਾ ਤੇ ਹਰ ਪ੍ਰਕਾਰ ਦੇ ਜਲਸੇ-ਜਲੂਸ ਬੰਦ ਕਰ ਦਿੱਤੇ। ਕੁਝ ਦਿਨ ਤਾਂ ਪੰਝੀ-ਪੰਝੀ ਅਕਾਲੀਆਂ ਦੇ ਜਥੇ ਜਾਂਦੇ ਰਹੇ, ਜਿਨ੍ਹਾਂ ਨੂੰ ਰਿਆਸਤ ਤੋਂ ਬਾਹਰ ਲਿਜਾ ਕੇ ਛੱਡ ਦਿੱਤਾ ਜਾਂਦਾ ਰਿਹਾ। ਪਰ 4 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਤੋ ਮੋਰਚੇ ਨੂੰ ਆਪਣੇ ਹੱਥ ਵਿਚ ਲੈ ਲਿਆ। 9 ਸਤੰਬਰ ਨੂੰ ਮਹਾਰਾਜਾ ਨਾਭੇ ਦੀ ਬਹਾਲੀ ਲਈ ਜਲੂਸ ਨਿਕਲਿਆ ਤੇ ਫੇਰ ਜਲਸੇ ਹੋਣੇ ਸ਼ੁਰੂ ਹੋ ਗਏ।
 
Brar Jatti