ਜੈਤੋ ਮੋਰਚੇ ਦੀ ਬੇਖ਼ੌਫ਼ ਨਾਇਕਾ ਮਾਤਾ ਕਿਸ਼ਨ ਕੌਰ --ਡਾ. ਰਾਜਵੰਤ ਕੌਰ ਪੰਜਾਬੀ

ਮਾਨਵੀ ਵਿਰਸੇ ਦਾ ਮਾਣ

ਸਵਰਨਕਾਰ (ਸੋਨੀ ਭਗਤ) ਭਾਈਚਾਰੇ ਦਾ ਮਾਣ ਮਾਤਾ ਕਿਸ਼ਨ ਕੌਰ ਜੈਤੋ ਮੋਰਚੇ ਦੀ ਮੋਹਰੀ ਨਾਇਕਾ ਹੈ। ਉਸ ਦਾ ਜਨਮ ਪਿੰਡ ਲੋਹਗੜ੍ਹ (ਲੁਧਿਆਣਾ) ਦੇ ਸੂਬਾ ਸਿੰਘ ਤੇ ਮਾਤਾ ਸੋਭਾ ਕੌਰ ਦੇ ਗ੍ਰਹਿ ਵਿਖੇ 1856 ਵਿੱਚ ਹੋਇਆ। ਬਾਅਦ ਵਿੱਚ ਉਹ ਪਰਿਵਾਰ ਫਿਰੋਜ਼ਪੁਰ ਜ਼ਿਲ੍ਹੇ ਦੀ ਮੋਗਾ ਤਹਿਸੀਲ ਦੇ ਦੌਧਰ ਪਿੰਡ (ਅੱਜ ਕੱਲ੍ਹ ਫ਼ਰੀਦਕੋਟ) ਵਿਖੇ ਵਸ ਗਿਆ। ਪਿੰਡ ਰਹਿੰਦਿਆਂ ਕਿਸ਼ਨ ਕੌਰ ਨੇ ਗੁਰਦੁਆਰੇ ਦੇ ਭਾਈ ਜੀ ਰਾਹੀਂ ਗੁਰਬਾਣੀ ਕੰਠ ਕੀਤੀ ਅਤੇ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਸੁਣਿਆ।

ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਕਾਉਂਕੇ ਦੇ ਹਰਨਾਮ ਸਿੰਘ ਉਸ ਦੇ ਜੀਵਨ ਸਾਥੀ ਬਣੇ। ਹਰਨਾਮ ਸਿੰਘ ਸਿੰਧ ਵਿਖੇ ਫੌਜ ਵਿੱਚ ਮੱਧ ਦਰਜੇ ਦੇ ਅਫ਼ਸਰ ਸਨ। ਬਾਅਦ ਵਿੱਚ ਉਹ ਛੋਟੇ ਭਰਾ ਨਾਲ ਬਰਮਾ ਵਿਖੇ ਭਰਤੀ ਹੋ ਗਏ ਤੇ ਉਥੇ ਹੀ ਭਰ ਜਵਾਨੀ ਵਿੱਚ 33 ਵਰ੍ਹਿਆਂ ਦੀ ਉਮਰੇਂ 1902 ਵਿੱਚ ਕਿਸ਼ਨ ਕੌਰ ਨੂੰ ਸਦੀਵੀ ਵਿਛੋੜਾ ਦੇ ਗਏ। ਕਿਸ਼ਨ ਕੌਰ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ ਸੀ ਪਰ ਦੋਵੇਂ ਪਿਤਾ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਤਰ੍ਹਾਂ ਕਿਸ਼ਨ ਕੌਰ ਦੀ ਗੋਦ ਵੀ ਸੁੰਨੀ ਹੋ ਗਈ ਸੀ ਤੇ ਪਤੀ ਦਾ ਸਾਇਆ ਵੀ ਸਿਰ ਤੋਂ ਉਠ ਗਿਆ ਸੀ। ਇਕੱਲੀ ਜਿੰਦੜੀ ਦੁੱਖਾਂ ਵਿੱਚ ਘਿਰ ਗਈ ਸੀ। ਆਪਣੇ ਭਤੀਜੇ ਖਜਾਨ ਸਿੰਘ ਨੂੰ ਉਸ ਨੇ ਪਾਲਕ-ਪੁੱਤਰ ਬਣਾ ਲਿਆ। ਜੇਠ ਨੇ ਉਸ ਦੇ ਹਿੱਸੇ ਆਉਂਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਜਦੋਂ ਸਾਰੀਆਂ ਤਰਕੀਬਾਂ ਫੇਲ੍ਹ ਹੋ ਗਈਆਂ ਤਾਂ ਉਹ ਆਪ ਖੇਤਾਂ ਵਿੱਚ ਗਈ ਤੇ ਜੇਠ ਨੂੰ ਉਸਦੇ ਹਿੱਸੇ ਦੇ ਖੇਤ ਛੱਡਣ ਲਈ ਬੇਨਤੀ ਕੀਤੀ। ਕਿਸ਼ਨ ਕੌਰ ਨੂੰ ਇਕੱਲਿਆਂ ਤੇ ਬੇਸਹਾਰਾ ਵੇਖ ਉਸ ਨੇ ਖੇਤ ਛੱਡਣ ਦੀ ਥਾਂ ਭਾਬੀ ਨੂੰ ਭੱਦੇ ਮਜ਼ਾਕ ਕੀਤੇ। ਉਤਸ਼ਾਹੀ, ਹੌਂਸਲੇ ਵਾਲੀ ਤੇ ਬਹਾਦਰ ਕਿਸ਼ਨ ਕੌਰ ਨੇ ਆਪਣੀ ਮਜ਼ਬੂਤ ਬਾਂਹ ਉਤਾਹ ਚੁੱਕੀ ਤੇ ਤਾੜ ਕਰਦਾ ਥੱਪੜ ਉਸ ਦੇ ਮੂੰਹ ‘ਤੇ ਮਾਰਿਆ। ਉਸਦਾ ਜੇਠ ਥੱਪੜ ਖਾਣ ਉਪਰੰਤ ਆਪਣੇ ਗਲਤ ਵਿਹਾਰ ‘ਤੇ ਪਛਤਾਵਾ ਕਰਦਾ ਖੇਤ ਛੱਡ ਕੇ ਭੱਜ ਗਿਆ। ਇਸ ਤਰ੍ਹਾਂ ਕਿਸ਼ਨ ਕੌਰ ਨੇ ਹਿੰਮਤ ਨਾਲ ਆਪਣੇ ਹੱਕ ਦੀ ਜ਼ਮੀਨ ਪ੍ਰਾਪਤ ਕੀਤੀ। ਉਸ ਦੇ ਇਸ ਦਲੇਰੀ ਭਰੇ ਕਾਰਜ ਕਰਕੇ ਸਾਰੇ ਪਿੰਡ ਵਿੱਚ ਸਤਿਕਾਰ ਵਧ ਗਿਆ। 1903 ਈਸਵੀ ਵਿੱਚ ਕਿਸ਼ਨ ਕੌਰ ਦੱਖਣ ਭਾਰਤ ਵਿੱਚ ਨਾਂਦੇੜ ਸਾਹਿਬ ਵਿਖੇ ਗੁਰਦੁਆਰਾ ਸੱਚ ਖੰਡ ਸਾਹਿਬ ਦੇ ਦਰਸ਼ਨ ਕਰਨ ਗਈ। ਖ਼ਾਲਸਾ ਪੰਥ ਦਾ ਸਹਾਰਾ ਲੈਂਦਿਆਂ ਉਸ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਰਹਿੰਦੀ ਜ਼ਿੰਦਗੀ ਗੁਰੂ ਦੇ ਖ਼ਾਲਸੇ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ। ਨਿਹੰਗਾਂ ਵਾਲਾ ਬਾਣਾ ਪਹਿਨ ਕੇ ਉਹ ਪੰਥ ਦੀ ਸੇਵਾ ਕਰਦੀ ਰਹੀ।

ਜਦੋਂ ਖ਼ਾਲਸਾ ਪੰਥ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਤਾਂ ਕਿਸ਼ਨ ਕੌਰ ਨੇ ਉਸ ਵਿੱਚ ਸਰਗਰਮ ਮੈਂਬਰ ਵਜੋਂ ਭਾਗ ਲਿਆ। ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਮਹੰਤਾਂ ਨੂੰ ਭਜਾਉਣ ਵਾਲੇ ਜਥੇ ਵਿੱਚ ਉਹ ਸ਼ਾਮਲ ਹੋਈ। ਜੈਤੋ ਮੋਰਚਾ 1922 ਤੋਂ 1924 ਤੱਕ ਲੱਗਾ। ਉਹ ਹਰ ਰੋਜ਼ ਜਥੇ ਨਾਲ ਗੁਰੂ ਕਾ ਬਾਗ ਵਿਖੇ ਜਾਂਦੀ ਤੇ ਦੇਖਦੀ ਕਿ ਪੁਲੀਸ ਸਿੱਖਾਂ ਨੂੰ ਕੁੱਟਦੀ-ਮਾਰਦੀ ਹੈ। ਸਤੰਬਰ 1922 ਵਿੱਚ ਪੁਲੀਸ ਵੱਲੋਂ ਸਿੱਖਾਂ ‘ਤੇ ਬਹੁਤ ਤਸ਼ੱਦਦ ਕੀਤੇ ਗਏ। ਅਨੇਕ ਸਿੱਖ ਜ਼ਖ਼ਮੀ ਹੋ ਗਏ। ਕਿਸ਼ਨ ਕੌਰ ਅਤੇ ਉਸ ਦੇ ਸਹਾਇਕਾਂ ਨੇ ਜ਼ਖ਼ਮੀ ਸਿੱਖਾਂ ਦੀ ਸੇਵਾ ਦਾ ਕਾਰਜ ਸੰਭਾਲਿਆ। ਉਹ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੰਦੇ, ਹਸਪਤਾਲ ਲਿਜਾਂਦੇ ਅਤੇ ਦੇਖ-ਭਾਲ ਕਰਦੇ। ਇੱਕ ਦਿਨ ਪੁਲੀਸ ਮੁਖੀ ਨੇ ਕਿਸ਼ਨ ਕੌਰ ‘ਤੇ ਵਿਅੰਗ ਕਸਦਿਆਂ ਕਿਹਾ ਕਿ ਉਸ ਦੇ ਕਰਨ ਲਈ ਹੋਰ ਬਹੁਤ ਸੇਵਾ ਹੈ। ਵਿਅੰਗ ਦੇ ਜਵਾਬ ਵਿੱਚ ਪੁਲੀਸ ਮੁਖੀ ਵੱਲ ਕੁਝ ਨਿਰਭੈਤਾ ਭਰੇ ਕਦਮ ਪੁੱਟੇ ਤੇ ਜ਼ੋਰਦਾਰ ਥੱਪੜ ਪੁਲੀਸ ਮੁਖੀ ਦੇ ਮੂੰਹ ‘ਤੇ ਜੜ ਕੇ ਉਸ ਨੂੰ ਚੌਂਕਾ ਦਿੱਤਾ। ਪੂਰੀ ਪੁਲੀਸ ਤੇ ਅੰਗਰੇਜ਼ ਹਕੂਮਤ ਲਈ ਇਹ ਬੜੀ ਨਮੋਸ਼ੀ ਵਾਲੀ ਘਟਨਾ ਸੀ।

ਭਾਰਤ ਸਰਕਾਰ ਨੇ ਨਾਭਾ ਰਿਆਸਤ ਦੇ ਸ਼ਾਸਕ ਮਹਾਰਾਜਾ ਰਿਪੁਦਮਨ ਸਿੰਘ ਜਿਹੜਾ ਆਪਣੇ ਆਜ਼ਾਦ ਵਿਹਾਰ ਕਰਕੇ ਜਾਣਿਆ ਜਾਂਦਾ ਸੀ ‘ਤੇ ਰਾਜ-ਭਾਗ ਛੱਡਣ ਦਾ ਦਬਾਅ ਪਾਇਆ। ਜੈਤੋ ਦੇ ਸਿੱਖਾਂ ਨੇ, ਜਿਹੜੇ ਉਸ ਦੀ ਰਿਆਸਤ ਵਿੱਚ ਸ਼ਾਮਲ ਸਨ, ਉਸ ਦੀ ਸਿਹਤਯਾਬੀ ਅਤੇ ਮੁੜ ਗੱਦੀ ਮਿਲਣ ਲਈ ਅਰਦਾਸ ਕਰਨ ਦੀ ਯੋਜਨਾ ਬਣਾਈ। ਗੁਰਦੁਆਰਾ ਗੰਗਸਰ ਵਿਖੇ ਅਖੰਡ ਪਾਠ ਰੱਖਿਆ ਗਿਆ। ਸ਼ਾਸਕਾਂ ਦੇ ਹੁਕਮ ਨਾਲ ਹਥਿਆਰਬੰਦ ਪੁਲੀਸ ਗੁਰਦੁਆਰਾ ਗੰਗਸਰ ਵਿਖੇ ਦਾਖ਼ਲ ਹੋ ਗਈ। ਅਖੰਡ ਪਾਠ ਦਾ ਖੰਡਨ ਕਰਕੇ ਗੁਰਦੁਆਰੇ ਅੰਦਰਲੀ ਸੰਗਤ ਨੂੰ ਜ਼ਬਰਨ ਕੈਦ ਕਰ ਲਿਆ ਗਿਆ। ਰੋਡੇ ਪਿੰਡ ਦੇ ਜਥੇਦਾਰ ਦੁੱਲਾ ਸਿੰਘ ਤੇ ਸੁੱਚਾ ਸਿੰਘ ਨੇ ਨਿਸ਼ਕਾਮ ਭਾਵਨਾ ਵਾਲਾ ਦੁਰਲੀ ਜੱਥਾ ਤਿਆਰ ਕੀਤਾ ਜਿਸ ਨੇ ਲੋੜੀਂਦੀ ਰਸਦ ਇਕੱਠੀ ਕੀਤੀ ਅਤੇ ਆਪਣੀ ਤਾਕਤ ਵਰਤਦੇ ਹੋਏ ਦੂਜੇ ਰਾਹ ਤੋਂ ਗੁਰਦੁਆਰੇ ਅੰਦਰ ਰਸਦ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ। ਮਾਤਾ ਕਿਸ਼ਨ ਕੌਰ ਵੀ ਉਸ ਜਥੇ ਦੀ ਮੈਂਬਰ ਸੀ।

500 ਮੈਂਬਰਾਂ ਵਾਲਾ ਪਹਿਲਾ ਸ਼ਹੀਦੀ ਜਥਾ ਜੋ ਅਹਿੰਸਾਵਾਦੀ ਸੀ, 21 ਫਰਵਰੀ, 1924 ਨੂੰ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਵਿਖੇ ਪੁੱਜਾ ਤਾਂ ਕਿ ਮੁੜ ਅਖੰਡ ਪਾਠ ਸ਼ੁਰੂ ਕੀਤਾ ਜਾਵੇ। ਰਿਆਸਤ ਦੀ ਸਰਕਾਰ ਦਾ ਗੋਲੀਬਾਰੀ ਦਾ ਹੁਕਮ ਸੁਣ ਕੇ ਹਥਿਆਰਬੰਦ ਪੁਲੀਸ ਨੇ ਬਰਾਬਰ ਦਾ ਤਾਣ ਲਾਇਆ ਕਿ ਸਿੱਖ ਅਜਿਹਾ ਨਾ ਕਰ ਸਕਣ। ਪੁਲੀਸ ਗੁਪਤ ਰੂਪ ਵਿੱਚ ਮੁਰਦਾ ਸਰੀਰਾਂ ਨੂੰ ਠਿਕਾਣੇ ਲਾਉਂਦੀ ਰਹੀ ਅਤੇ ਲਾਸ਼ਾਂ ਤੇ ਜ਼ਖ਼ਮੀਆਂ ਦੇ ਗਲਤ ਵੇਰਵੇ ਦਿੰਦੀ ਰਹੀ। ਮਾਤਾ ਕਿਸ਼ਨ ਕੌਰ ਨੇ ਭੇਸ ਵਟਾ ਕੇ ਪੁਲੀਸ ਦੀ ਸਾਰੀ ਕਾਰਵਾਈ ਅੱਖੀਂ ਵੇਖੀ। ਉਸ ਨੇ ਸੂਚਨਾ ਇਕੱਠੀ ਕਰਕੇ ਮੁੜ ਜਥੇ ਵਿੱਚ ਸ਼ਾਮਲ ਹੋ ਕੇ ਸਹੀ ਤੱਥਾਂ, ਸਰਕਾਰ ਦੀਆਂ ਯੋਜਨਾਵਾਂ ਅਤੇ ਕਾਰਵਾਈਆਂ ਬਾਰੇ ਜਥੇ ਅਤੇ ਲੋਕਾਂ ਨੂੰ ਜਾਣੂ ਕਰਾਇਆ ਤਾਂ ਕਿ ਜਥਾ ਆਪਣੀ ਕਾਰਵਾਈ ਮੁੜ ਵਿਉਂਤ ਸਕੇ। ਸਰਕਾਰ ਦੀ ਪੋਲ ਖੁੱਲ੍ਹੀ ਤਾਂ ਸਰਕਾਰ ਹੈਰਾਨ-ਪ੍ਰੇਸ਼ਾਨ ਹੋ ਗਈ। ਉਧਰ ਜਥਾ ਗੁਰਦੁਆਰਾ ਗੰਗਸਰ ਵਿਖੇ ਸਿੱਧਾ ਜਾਣ ਦੀ ਜਗ੍ਹਾ ਪਹਿਲਾਂ ਗੁਰਦੁਆਰਾ ਟਿੱਬੀ ਸਾਹਿਬ ਵਲ ਵਧਿਆ। ਪੁਲੀਸ ਨੇ ਜਥੇ ਨੂੰ ਅੰਦਰ ਦਾਖ਼ਲ ਨਾ ਹੋਣ ਦਿੱਤਾ ਸਗੋਂ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਖੁਫ਼ੀਆ ਪੁਲੀਸ ਨੇ ਕਿਸ਼ਨ ਕੌਰ ਦਾ ਪਿੱਛਾ ਕੀਤਾ। ਜ਼ਖ਼ਮੀਆਂ ਦੀ ਸੇਵਾ ਕਰਦਿਆਂ 21 ਹੋਰ ਜਣਿਆਂ ਸਮੇਤ ਕਿਸ਼ਨ ਕੌਰ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ। 17 ਮਈ, 1924 ਨੂੰ ਉਸ ਨੂੰ 4 ਸਾਲ ਲਈ ਜੇਲ੍ਹ ਭੇਜ ਦਿੱਤਾ। ਸਿੱਖਾਂ ‘ਤੇ ਹੁੰਦੇ ਤਸ਼ੱਦਦਾਂ ਬਾਰੇ ਸੁਣ ਕੇ ਕ੍ਰਿਸ਼ਚਨ ਮਿਸ਼ਨਰੀ ਫਾਦਰ ਸੀ.ਐਫ.ਐਂਡਰਿਊਜ਼ ਨੇ ਗੁਰੂ ਕਾ ਬਾਗ ਜਾਣ ਦਾ ਫੈਸਲਾ ਲਿਆ। ਅੰਗਰੇਜ਼ ਪੁਲੀਸ ਅਫ਼ਸਰਾਂ ਦੇ ਮਾਨਵ ਵਿਰੋਧੀ ਵਤੀਰੇ ਨੂੰ ਵੇਖ ਕੇ ਉਹ ਚੀਕਿਆ। ਉਸ ਦੇ ਇਸ ਬਿਆਨ ਨੇ ਮੋਰਚੇ ਦੀ ਦਿਸ਼ਾ ਬਦਲ ਦਿੱਤੀ। ਸਰਕਾਰ ਨੇ ਸਿੱਖਾਂ ਨੂੰ ਗੁਰੂ ਕਾ ਬਾਗ ਦੀ ਜ਼ਮੀਨ ਪ੍ਰਾਪਤ ਕਰਨ ਦੀ ਆਗਿਆ ਦੇ ਦਿੱਤੀ। ਜਿਹੜੇ ਗੁਰਦੁਆਰੇ ਸਰਕਾਰ ਦੇ ਅਧੀਨ ਸਨ ਤੇ ਜਿਨ੍ਹਾਂ ਦਾ ਪ੍ਰਬੰਧ ਮਹੰਤ ਦੇਖ ਰਹੇ ਸਨ, ਉਹ ਸਿੱਖਾਂ ਨੂੰ ਦੇਣ ਦਾ ਸਮਝੌਤਾ ਹੋ ਗਿਆ। ਗੁਰਦੁਆਰਾ ਲਹਿਰ ਕਰਕੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਰਿਹਾਅ ਕਰ ਦਿੱਤਾ ਪਰ ਕਿਸ਼ਨ ਕੌਰ ਨੂੰ ਜੂਨ 1928 ਵਿੱਚ ਸਜ਼ਾ ਪੂਰੀ ਹੋਣ ‘ਤੇ ਹੀ ਰਿਹਾਅ ਕੀਤਾ। ਅਗਲੇ ਦਿਨ ਉਹ ਅਕਾਲ ਤਖ਼ਤ ਸਾਹਿਬ ਗਏ ਤਾਂ ਕਿ ਖ਼ਾਲਸਾ ਪੰਥ ਦੀ ਸੇਵਾ ਲਈ ਦਿੱਤੇ ਗਏ ਮੌਕੇ ਦਾ ਗੁਰੂ ਅੱਗੇ ਸ਼ੁਕਰਾਨਾ ਕਰਨ ਸਕਣ। ਖ਼ਾਲਸਾ ਪੰਥ ਨੇ ਕਿਸ਼ਨ ਕੌਰ ਨੂੰ ਸਨਮਾਨਿਤ ਕਰਦਿਆਂ ਸਿਰੋਪੇ ਦੀ ਬਖ਼ਸ਼ਿਸ਼ ਕੀਤੀ ਤੇ ਮਾਤਾ ਦਾ ਖ਼ਿਤਾਬ ਪ੍ਰਦਾਨ ਕੀਤਾ।

ਮਾਤਾ ਕਿਸ਼ਨ ਕੌਰ ਨੇ ਰਹਿੰਦੀ ਉਮਰ ਪਿੰਡ ਕਾਉਂਕੇ ਵਿਖੇ ਕੱਟੀ ਤੇ ਗੁਰਦੁਆਰਾ ਗੁਰੂਸਰ ਵਿਖੇ ਆਪਣੇ ਦੇਹਾਂਤ 10 ਅਗਸਤ, 1952 ਤੱਕ ਸੇਵਾ ਨਿਭਾਈ। ਮਾਤਾ ਕਿਸ਼ਨ ਕੌਰ 20ਵੀਂ ਸਦੀ ਦੀ ਉਹ ਬਹਾਦਰ ਔਰਤ ਸੀ ਜਿਸ ਨੇ ਸਿੱਖ ਪੰਥ ਲਈ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ।

-ਡਾ. ਰਾਜਵੰਤ ਕੌਰ ਪੰਜਾਬੀ