ਬਾਬਾ ਬੰਦਾ ਸਿੰਘ ਜੀ ਦੀਆ ਮਹਾਨ ਕੁਰਬਾਨੀਆ (ਭਾਗ - 3)

-ਸਰਦੂਲ ਸਿੰਘ ਸੇਖੋਂ
ਭਾਗ - 3
ਬਾਬਾ ਬੰਦਾ ਸਿੰਘ ਜੀ ਆਪਣੇ ਸਾਥੀ ਸਿੰਘਾ ਅਤੇ ਪ੍ਰਵਾਰ ਸਮੇਤ ਲੋਹਗੜ੍ਹ ਦਾ ਕਿਲ੍ਹਾ ਖਾਲੀ ਕਰ ਪਹਾੜਾ ਵੱਲ ਨਿਕਲ ਗਏ।ਲੋਹਗੜ੍ਹ ਦਾ ਕਿਲ੍ਹਾ ਮੁਗਲ ਫੌਜਾਂ ਦੇ ਕਬਜੇ ਚ ਆ ਗਿਆ ਕਿਲ੍ਹੇ ਅੰਦਰ ਮੌਜੂਦ ਸਿੰਘ ਮੁਗਲ ਫੌਜਾ ਖਿਲਾਫ ਡੱਟ ਕਿ ਜੂਝੇ ਪਰ ਮੁਗਲਾਂ ਦੇ ਟਿੱਡੀ ਦਲ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ ਕੁਝ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਕੁਝ ਗ੍ਰਿਫਤਾਰ ਹੋ ਗਏ।ਲੋਹਗੜ੍ਹ ਦਾ ਕਿਲ੍ਹਾ ਜਿੱਤਣ ਤੋ ਬਾਅਦ ਮੁਗਲ ਬਾਦਸ਼ਾਹ ਨੇ ਜੰਗ ਚ ਮੁਗਲ ਫੌਜਾ ਦਾ ਸਾਥ ਦੇਣ ਵਾਲੇ ਪਹਾੜੀ ਰਾਜੇ ਭੀਮ ਚੰਦ ਨੂੰ ਲੋਹਗੜ੍ਹ ਦਾ ਕਿਲ੍ਹਾ ਤੇ ਕੁਝ ਇਲਾਕੇ ਇਨਾਮ ਵਜੋ ਦੇ ਦਿੱਤੇ ।

ਬਾਬਾ ਬੰਦਾ ਸਿੰਘ ਜੀ ਜਦੋ ਲੋਹਗੜ੍ਹ ਦਾ ਕਿਲ੍ਹਾ ਖਾਲੀ ਕਰ ਪਹਾੜਾ ਵੱਲ ਨਿਕਲੇ ਸਨ ਤਾ ਉਸ ਵੇਲੇ ਨਾ ਤਾ ਬਹੁਤੇ ਹਥਿਆਰ ਨਾਲ ਲੈ ਜਾ ਸਕੇ ਤੇ ਨਾ ਹੀ ਵਰਤੋ ਦੀਆ ਜਰੂਰੀ ਚੀਜਾਂ,ਉਪਰੋ ਪਹਾੜੀਆ ਨੇ ਵੀ ਸਾਥ ਦੇਣ ਦੀ ਬਜਾਏ ਸਿੰਘਾ ਤੇ ਹਮਲੇ ਹੀ ਕੀਤੇ,ਜੰਗਲੀ ਜਾਨਵਰਾਂ ਆਦਿਕ ਨਾਲ ਜੂਝਦੇ ਸਿੰਘ ਮਾਝੇ ਦੇ ਇਲਾਕੇ ਵੱਲ ਨਿਕਲ ਗਏ।ਬਾਬਾ ਜੀ ਨੇ ਬਟਾਲਾ ਤੇ ਕਲਾਨੌਰ ਤੇ ਹਮਲਾ ਕਰ ਆਪਣੇ ਕਬਜੇ ਵਿੱਚ ਕਰ ਲਿਆ,ਇੱਥੇ ਆ ਕਿ ਬਾਬਾ ਜੀ ਨੇ ਆਪਣੇ ਸਿੰਘਾ ਸਮੇਤ ਕੁਝ ਅਰਾਮ ਦੇ ਪਲ ਗੁਜਾਰੇ ਹੀ ਸਨ ਕਿ ਮੁਗਲ ਫੌਜਾ ਦਾ ਇਧਰ ਆਉਣ ਦੀ ਖਬਰ ਪਾ ਕਿ ਬਾਬਾ ਜੀ ਸਿੰਘਾ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਚ ਜਾ ਰੁਕੇ ਕਿਉਕਿ ਗੜ੍ਹੀ ਕੁਝ ਸਰੁਖਿੱਅਤ ਸੀ ।

ਦਿੱਲੀ ਦੇ ਬਾਦਸ਼ਾਹ ਫਰਖਸ਼ੀਅਰ ਨੇ ਆਪਣੀ ਵੱਡੀ ਫੌਜ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਵੱਲ ਭੇਜ ਦਿੱਤੀ,ਲਾਹੋਰ ਦੇ ਸੂਬੇਦਾਰ ਨੇ ਵੀ ਆਪਣੀ ਸਾਰੀ ਫੌਜ ਬੰਦਾ ਸਿੰਘ ਖਿਲਾਫ ਚੱਲ ਰਹੀ ਜੰਗ ਚ ਸ਼ਾਮਲ ਕੀਤੀ ਪਹਾੜੀ ਰਾਜੇ ਪਹਿਲਾ ਹੀ ਬਾਦਸ਼ਾਹ ਦਾ ਪੂਰਾ ਸਾਥ ਦੇ ਰਹੇ ਸਨ ਉਹ ਵੀ ਆਪਣੀਆ ਫੌਜਾ ਲੈ ਕਿ ਬੰਦਾ ਸਿੰਘ ਖਿਲਾਫ ਮੈਦਾਨ ਚ ਉੱਤਰ ਆਏ।ਅੱਸੀ ਹਜਾਰ ਦੇ ਕਰੀਬ ਮੁਗਲ, ਪਹਾੜੀ ਫੌਜਾਂ ਨੇ ਅਖੀਰ ਬਾਬਾ ਬੰਦਾ ਸਿੰਘ ਜੀ ਨੂੰ ਗੁਰਦਾਸ ਨੰਗਲ ਅੱਜ ਦੇ ਗੁਰਦਾਸਪੁਰ ਚ ਉਸ ਸਮੇ ਦੀ ਕੱਚੀ ਗੜ੍ਹੀ ਚ ਆਣ ਘੇਰਾ ਪਾਇਆ।ਸਿੰਘ ਜੋ ਇੱਕ ਹਜਾਰ ਦੀ ਗਿਣਤੀ ਤੋ ਵੀ ਘੱਟ ਸਨ ਨੇ ਅੱਸੀ ਹਜਾਰ ਮੁਗਲ ਫੌਜਾ ਚ ਅਜਿਹਾ ਡਰ ਪੈਦਾ ਕੀਤਾ ਹੋਇਆ ਸੀ ਕਿ ਵੱਡੀ ਮੁਗਲ ਫੌਜ ਵੀ ਕੱਚੀ ਗੜ੍ਹੀ ਚ ਬੈਠੇ ਸਿੰਘਾਂ ਤੇ ਹਮਲਾ ਕਰਨ ਦੀ ਹਿੰਮਤ ਨਹੀ ਸੀ ਕਰ ਪਾ ਰਹੀ, ਮੁਗਲ ਫੌਜਾਂ ਨੂੰ ਡਰ ਸੀ ਕਿ ਜੇਕਰ ਆਹਮੋ ਸਾਹਮਣੇ ਚ ਹੱਥੋ ਹੱਥੀ ਦੀ ਜੰਗ ਹੋ ਗਈ ਤਾ ਹੋ ਸਕਦਾ ਬਾਬਾ ਬੰਦਾ ਸਿੰਘ ਜੰਗ ਦੇ ਮੈਦਾਨ ਚ ਪਹਿਲਾ ਦੀ ਤਰ੍ਹਾਂ ਇਸ ਵਾਰ ਵੀ ਸਹੀ ਸਲਾਮਤ ਨਿਕਲ ਜਾਵੇ,ਜਿਸ ਦੀ ਮੁਗਲ ਫੌਜਾ ਨੂੰ ਪਹਿਲਾ ਹੀ ਬਹੁਤ ਸ਼ਰਮਿੰਦਗੀ ਸਹਿਣੀ ਸੀ।ਮੁਗਲ ਫੌਜਾ ਕੱਚੀ ਗੜ੍ਹੀ ਨੂੰ ਘੇਰਾ ਪਾ ਕਿ ਬੈਠ ਗਈਆਂ ਪਰ ਉਹ ਡਰ ਦੇ ਮਾਰੇ ਗੜ੍ਹੀ ਤੇ ਹਮਲਾ ਨਾ ਕਰ ਸਕੇ,ਅਖੀਰ ਦਿਨ ਹਫਤੇ ਫਿਰ ਮਹੀਨੇ ਬੀਤਣੇ ਸ਼ੁਰੂ ਹੋ ਗਏ ਮੁਗਲ ਫੌਜਾ ਨਾ ਗੜ੍ਹੀ ਤੇ ਹਮਲਾ ਕਰਨ,ਨਾ ਪਿੱਛੇ ਹਟਣ,ਗੜ੍ਹੀ ਅੰਦਰ ਸਿੰਘਾ ਕੋਲ ਰਾਸ਼ਨ ਦੀ ਘਾਟ ਹੋਣ ਲੱਗੀ ਹੋਲੀ ਹੋਲੀ ਗੜ੍ਹੀ ਚ ਖਾਣ ਵਾਲੀ ਹਰ ਵਸਤੂ ਮੁੱਕ ਗਈ ਤਾ ਸਿੰਘਾਂ ਨੂੰ ਦਰੱਖਤਾ ਦੇ ਪੱਤੇ ਆਦਿਕ ਤੇ ਫਿਰ ਘੋੜਿਆ ਦਾ ਮਾਸ ਖਾਣ ਲਈ ਮਜਬੂਰ ਹੋਣਾ ਪਿਆ,ਮਾਸ ਖਾਣ ਨਾਲ ਬਹੁਤੇ ਸਿੰਘ ਬਿਮਾਰ ਹੋ ਗਏ ਅਜਿਹਾ ਵੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ,ਆਖਰ ਇਹ ਘੇਰਾ ਅੱਠ ਮਹੀਨੇ ਲੰਬਾ ਹੋ ਗਿਆ ਜਿੱਥੇ ਅੰਦਰ ਸਿੰਘਾ ਦਾ ਭੁੱਖ,ਬਿਮਾਰੀ ਤੇ ਹੋਰ ਜਰੂਰੀ ਲੋੜਾ ਪੂਰੀਆ ਨਾ ਹੋਣ ਕਾਰਨ ਬੁਰਾ ਹਾਲ ਸੀ।ਉੱਥੇ ਮੁਗਲ ਫੌਜਾ ਵੀ ਅੱਠ ਮਹੀਨੇ ਦੀ ਘੇਰਾ ਬੰਦੀ ਕਰ ਕਿ ਤੰਗ ਆ ਚੁੱਕੀਆ ਸਨ ਉਹ ਵੀ ਆਪਣਾ ਖਹਿੜਾ ਛਡਾਉਣਾ ਚਾਹੁੰਦੀਆ ਸਨ,ਪਰ ਬਾਦਸ਼ਾਹ ਦੇ ਡਰ ਕਾਰਨ ਵਾਪਸ ਨਹੀ ਸਨ ਜਾ ਸਕਦੀਆ।ਦਿੱਲੀ ਬੈਠਾ ਬਾਦਸ਼ਾਹ ਵੀ ਪ੍ਰੇਸ਼ਾਨ ਸੀ ਕਿ ਅੱਠ ਮਹੀਨੇ ਹੋ ਗਏ ਸਿੰਘਾ ਨੂੰ ਘੇਰਾ ਪਾਇਆ ਉਹ ਹਥਿਆਰ ਨਹੀ ਸੁੱਟ ਰਹੇ,ਫੌਜ ਦਾ ਖਰਚ ਬਾਦਸ਼ਾਹ ਨੂੰ ਬਹੁਤ ਪੈ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਆਖਰ ਸਿੱਖ ਕਿਸ ਮਿੱਟੀ ਦੇ ਬਣੇ ਹੋਏ ਹਨ,ਕਿਵੇ ਭੁੱਖਣ ਭਾਣੇ ਸਾਡੀ ਲੱਖਾਂ ਦੀ ਗਿਣਤੀ ਵਾਲੀ ਸ਼ਾਹੀ ਫੌਜ ਸਾਹਮਣੇ ਏਨੇ ਲੰਬੇ ਸਮੇ ਤੋ ਅੜ੍ਹੇ ਖੜ੍ਹੇ ਹਨ ?

ਅਖੀਰ ਅੱਠ ਮਹੀਨੇ ਬਾਅਦ ਮੁਗਲਾਂ ਨੇ ਸਿੱਖਾ ਦੇ ਇੱਕ ਜਥੇਦਾਰ ਨਾਲ ਗੰਢਤੁਪ ਕਰ ਕਿ ਗੜ੍ਹੀ ਖਾਲੀ ਕਰਵਾਉਣ ਲਈ ਉਸ ਨੂੰ ਗੜ੍ਹੀ ਅੰਦਰ ਭੇਜ ਕਿ ਅਨੰਦਪੁਰ ਸਾਹਿਬ ਵਾਲਾ ਪੁਰਾਣਾ ਤਰੀਕਾ ਵਰਤਣ ਦੀ ਸੋਚ ਬਣਾਈ,ਇਸ ਜਥੇਦਾਰ ਨਾਲ ਕੁਝ ਹੋਰ ਸਿੰਘ ਬਾਬਾ ਜੀ ਕੋਲ ਆਏ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਮੁਗਲ ਹਕੂਮਤ ਦਾ ਕਹਿਣਾ ਹੈ ਕਿ ਜੇਕਰ ਬੰਦਾ ਸਿੰਘ ਗੜ੍ਹੀ ਖਾਲੀ ਕਰ,ਹੋਰ ਕਿਧਰੇ ਚਲੇ ਜਾਵੇ ਤਾ ਸਰਕਾਰ ਉਸ ਦਾ ਪਿੱਛਾ ਨਹੀ ਕਰੇਗੀ।ਪਰ ਬੰਦਾ ਸਿੰਘ ਇਸ ਸਭ ਬਾਰੇ ਜਾਣਦਾ ਸੀ ਕਿ ਇਹ ਗੁਰੂ ਜੀ ਦੇ ਅਨੰਦਪੁਰ ਖਾਲੀ ਕਰਨ,ਕਰਵਾਉਣ ਵਾਲਾ ਧੋਖਾ ਹੀ ਹੈ ਇਸ ਲਈ ਉਹਨਾਂ ਇਹ ਸ਼ਰਤ ਮੰਨਣ ਤੋ ਨਾ ਕਰ ਦਿੱਤੀ,ਪਰ ਬਹੁਤੇ ਸਿੰਘਾ ਨੇ ਇਹੀ ਸਲਾਹ ਦਿੱਤੀ ਕਿ ਕੋਸ਼ਿਸ਼ ਕਰ ਲੈਣ ਚ ਕੋਈ ਹਰਜ ਨਹੀ,ਜੇਕਰ ਨਿਕਲ ਗਏ ਤਾ ਠੀਕ ਹੈ ਨਹੀ ਤਾਂ ਜੂਝ ਕਿ ਸ਼ਹੀਦੀਆ ਪਾ ਜਾਵਾਗੇ,ਗੜ੍ਹੀ ਵਿੱਚ ਵੀ ਨਾ ਖਾਣ ਲਈ ਕੁਝ ਰਿਹਾ ਨਾ ਪਹਿਨਣ ਲਈ ਇਸ ਲਈ ਗੜ੍ਹੀ ਨੂੰ ਖਾਲੀ ਕਰ ਕਿਧਰੇ ਹੋਰ ਨਿਕਲਣ ਚ ਹੀ ਭਲਾ ਹੈ।ਜਿਹੜੇ ਸਿੰਘ ਮੁਗਲਾਂ ਦਾ ਇਹ ਸੁਨੇਹਾ ਲੈ ਕਿ ਆਏ ਸਨ,ਉਹਨਾ ਨਾਲ ਕੁਝ ਸਿੰਘ ਬਾਬਾ ਜੀ ਦੇ ਜਥੇ ਦੇ ਭੇਜੇ ਗਏ ਤਾ ਜੋ ਪਤਾ ਲੱਗ ਸਕੇ,ਪਰ ਉਹ ਸਾਰੇ ਮੁਗਲ ਫੌਜਾ ਦੇ ਘੇਰੇ ਚ ਸਹੀ ਸਲਾਮਤ ਨਿਕਲ ਗਏ ਕਿਸੇ ਨੂੰ ਰੋਕਿਆ ਨਾ ਗਿਆ ਫਿਰ ਸਿੰਘਾ ਨੇ ਗੁਰਮਤਾ ਕੀਤਾ ਕਿ ਜੇਕਰ ਮੁਗਲ ਫੌਜ ਨੇ ਏਥੋ ਗਏ ਸਿੰਘਾ ਨੂੰ ਨਹੀ ਰੋਕਿਆਂ ਤਾ ਸ਼ਾਇਦ ਹੋ ਸਕਦਾ ਸਾਨੂੰ ਵੀ ਨਾ ਰੋਕਣ ਇਸ ਲਈ ਗੜ੍ਹੀ ਖਾਲੀ ਕਰ ਕਿਧਰੇ ਹੋਰ ਨਿਕਲ ਜਾਣ ਚ ਹੀ ਭਲਾ ਹੈ ।

ਅੰਤ ਦਸੰਬਰ 1715 ਈ.ਨੂੰ ਬਾਬਾ ਬੰਦਾ ਸਿੰਘ ਜੀ ਆਪਣੇ ਸਾਥੀ ਯੋਧਿਆ ਜਰਨੈਲਾ ਅਤੇ ਪ੍ਰਵਾਰ ਸਮੇਤ ਕੱਚੀ ਗੜ੍ਹੀ ਚ ਨਿਕਲ ਤੁਰੇ ਤਾ ਚਾਰੇ ਪਾਸਿਆ ਤੋ ਮੁਗਲ ਫੌਜਾ ਜਿਹਨਾਂ ਦੀ ਗਿਣਤੀ ਅੱਸੀ ਹਜਾਰ ਦੇ ਕਰੀਬ ਸੀ ਅਲੀ ਅਲੀ ਤੇ ਅੱਲਾ ਹੂ, ਅੱਲਾ ਹੂ ਦੇ ਨਾਹਰੇ ਮਾਰਦੇ ਅੱਠ ਮਹੀਨਿਆ ਤੋ ਭੁੱਖ ਦੀ ਮਾਰ ਦਾ ਸ਼ਿਕਾਰ ਸਿੰਘਾ ਤੇ ਆਣ ਪਏ ਸਿੰਘ ਜ੍ਹਿਨਾ ਦੀ ਗਿਣਤੀ ਕੁਝ ਸੌ ਵਿੱਚ ਸੀ।ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜਾਣਦੇ ਸਨ ਕਿ ਸਵਾ ਲੱਖ ਨਾਲ ਲੜਨਾ ਵੀ ਖਾਲਸਾ ਦੇ ਹਿੱਸੇ ਆਇਆ ਇਸ ਲਈ ਉਹ ਡੋਲੇ ਨਹੀ ਸਗੋ ਵੈਰੀ ਦਲ ਦਾ ਪੂਰੀ ਹਿੰਮਤ ਨਾਲ ਮੁਕਾਬਲਾ ਕੀਤਾ ਤੇ ਵੈਰੀਆ ਨੂੰ ਲੋਹੇ ਦੇ ਚਣੇ ਚਬਾਏ,ਇਸ ਹੱਥੋ ਹੱਥ ਦੀ ਲੜਾਈ ਵਿੱਚ ਜਿੱਥੇ ਸਿੰਘਾਂ ਨੇ ਵੈਰੀ ਦਲ ਦਾ ਬਹੁਤ ਨੁਕਸਾਨ ਕੀਤਾ ਉੱਥੇ ਸਿੰਘ ਵੱਡੀ ਗਿਣਤੀ ਵਿੱਚ ਸ਼ਹੀਦੀਆ ਵੀ ਪ੍ਰਾਪਤ ਕਰ ਗਏ,ਬਾਕੀ ਬਚੇ ਸਿੰਘ ਲੜਾਈ ਚ ਜਖਮੀ ਹੋ ਕਿ ਡਿੱਗ ਪਏ ਸਨ।ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚੋ ਨਿਕਲਣ ਵਾਲਿਆ ਸਿੰਘਾ ਚ ਕਿਸੇ ਨੇ ਵੀ ਆਪਣੇ ਆਪ ਨੂੰ ਸਰਕਾਰੀ ਫੌਜਾਂ ਸਾਹਮਣੇ ਪੇਸ਼ ਨਹੀ ਕੀਤਾ ਉਹ ਲੜ ਕਿ ਜਾ ਤਾ ਸ਼ਹੀਦੀਆ ਪ੍ਰਾਪਤ ਕਰ ਗਏ ਤੇ ਜਾ ਫਿਰ ਜਖਮੀ ਹੋ ਡਿੱਗ ਪਏ ਜੋ ਬੇਹੋਸ਼ੀ ਦੀ ਹਾਲਤ ਵਿੱਚ ਹੀ ਮੁਗਲ ਫੌਜਾਂ ਦੇ ਹੱਥ ਆ ਸਕੇ। ਬਾਬਾ ਬੰਦਾ ਸਿੰਘ ਜੀ ਨੂੰ ਵੀ ਲੜਦਿਆ ਲੜਦਿਆ ਅਨੇਕਾਂ ਜਖਮ ਲੱਗ ਚੁੱਕੇ ਸਨ ਆਖਰ ਉਹ ਵੀ ਜਖਮੀ ਹਾਲਤ ਵਿੱਚ ਲੜਦੇ ਲੜਦੇ ਬੇਹੋਸ਼ ਹੋ ਕਿ ਡਿੱਗ ਪਏ ਤੇ ਮੁਗਲ ਫੌਜਾਂ ਨੇ ਜਖਮੀ ਤੇ ਬੇਹੋਸ਼ੀ ਦੀ ਹਾਲਤ ਵਿੱਚ ਬਾਬਾ ਜੀ ਨੂੰ ਕੜੀਆਂ,ਬੇੜੀਆਂ ਨਾਲ ਨੂੜ ਲਿਆ।ਇਸ ਜੰਗ ਵਿੱਚੋ ਕੋਈ ਦੋ ਸੌ ਦੇ ਕਰੀਬ ਜਖਮੀ ਸਿੰਘਾ ਨੂੰ ਗ੍ਰਿਫਤਾਰ ਕਰ ਕਿ ਬਾਬਾ ਜੀ ਸਮੇਤ ਲਾਹੋਰ ਲਜਾਇਆ ਗਿਆ,ਜਿੱਥੋ ਅੱਗੇ ਦਿੱਲੀ ਭੇਜਣ ਲਈ ਬਾਦਸ਼ਾਹ ਨੂੰ ਸੁਨੇਹੇ ਭੇਜ ਦਿੱਤੇ ਗਏ। ਬਾਬਾ ਜੀ ਦੇ ਨਾਲ ਉਹਨਾਂ ਦੇ ਸਪੁੱਤਰ ਅਜੈ ਸਿੰਘ ਜੋ ਛੋਟੀ ਜਿਹੀ ਉਮਰ ਜਾਣੀ ਮਸਾ ਚਾਰ ਸਾਲ ਦਾ ਸੀ ਨੂੰ ਵੀ ਗ੍ਰਿਫਤਾਰ ਕਰ ਲਿਆਂ ਤੇ ਬਾਬਾ ਜੀ ਦੀ ਧਰਮ ਸਪਤਨੀ ਬੀਬੀ ਸਾਹਿਬ ਕੌਰ ਜਿਸ ਬਾਰੇ ਕਈ ਲਿਖਾਰੀ ਕਹਿੰਦੇ ਹਨ ਉਹ ਗ੍ਰਿਫਤਾਰੀ ਤੋ ਬਚ ਗਈ ਸੀ ਤੇ ਬਾਅਦ ਵਿੱਚ ਜੰਮੂ ਦੇ ਇਲਾਕੇ ਚ ਰਹਿਣ ਲੱਗ ਪਏ ਸਨ ਇਸ ਵਿੱਚ ਕੋਈ ਬਹੁਤੀ ਸਚਾਈ ਨਹੀ ਲਗਦੀ ਕਿਉਕਿ ਜੇਕਰ ਚਾਰ ਸਾਲ ਦਾ ਅਜੈ ਸਿੰਘ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਫਿਰ ਮਾਤਾ ਜੀ ਕਿਵੇ ਬਚ ਗਏ ਕਿਉਕਿ ਮਾਂ ਕਦੀ ਵੀ ਆਪਣੇ ਚਾਰ ਸਾਲ ਦੇ ਬੱਚੇ ਨੂੰ ਛੱਡ ਕਿ ਨਹੀ ਜਾ ਸਕਦੀ ਜੇਕਰ ਗਈ ਹੁੰਦੀ ਤਾਂ ਅਜੈ ਸਿੰਘ ਨੂੰ ਆਪਣੇ ਨਾਲ ਲੈ ਕਿ ਜਾਦੀ।ਇਸ ਲਈ ਜਿਹੜੇ ਲਿਖਾਰੀਆ ਨੇ ਮਾਤਾ ਜੀ ਦੀ ਗ੍ਰਿਫਤਾਰੀ ਦੀ ਗੱਲ ਲਿਖੀ ਉਸ ਵਿੱਚ ਸਚਾਈ ਹੈ।

ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਸਿੰਘਾ ਦੀ ਅਸਲ ਗਿਣਤੀ ਬਾਰੇ ਵੀ ਵੱਖ ਵੱਖ ਖਿਆਲ ਹਨ, ਕੋਈ ਅੱਠ ਸੌ ਦੱਸਦਾ ਹੈ ਕੋਈ ਸੱਤ ਸੌ ਤੇ ਕੋਈ ਪੰਜ ਸੌ ਇਸ ਲਈ ਹੀ ਸਿੰਘਾ ਦੀ ਗਿਣਤੀ ਇੱਕ ਹਜਾਰ ਤੋ ਘੱਟ ਮਿਥੀ ਗਈ ਹੈ।ਜੇਕਰ ਬਾਬਾ ਜੀ ਦੇ ਸਿੰਘਾਂ ਦੀ ਗਿਣਤੀ ਇੱਕ ਹਜਾਰ ਮੰਨ ਲਈ ਵੀ ਜਾਵੇ ਤਾਂ ਵੀ ਇਤਿਹਾਸ ਵਿੱਚ ਚਮਕੌਰ ਦੀ ਗੜ੍ਹੀ ਤੋ ਬਾਅਦ ਗੁਰਦਾਸ ਨੰਗਲ ਹੀ ਦੂਜੀ ਅਜਿਹੀ ਜਗ੍ਹਾ ਸੀ ਜਿੱਥੇ ਕੁਝ ਸੈਕੜੇ ਸਿੰਘਾਂ ਨੂੰ ਅੱਸੀ ਹਜਾਰ ਦੀ ਗਿਣਤੀ ਵਾਲੀ ਵੱਡੀ ਫੌਜ ਜੋ ਹਰ ਤਰ੍ਹਾਂ ਦੇ ਅਸਲੇ, ਜਿਹਨਾਂ ਚ ਤੋਪਾਂ, ਬੰਦੂਕਾ ਤੇ ਤੀਰ ਕਮਾਨਾ ਆਦਿਕ ਹਥਿਆਰਾ ਨਾਲ ਲੈਸ ਸੀ ਪਰ ਸਿੰਘ ਕੋਲੋ ਜੋ ਹਥਿਆਰ ਪ੍ਰਾਪਤ ਹੋਏ ਬਾਦਸ਼ਾਹ ਦੇ ਰੋਜਨਾਮੇ ਅਨੁਸਾਰ ਇੱਕ ਹਜਾਰ ਕ੍ਰਿਪਾਨਾ,278 ਢਾਲਾਂ,173 ਤੀਰ ਕਮਾਨਾਂ,180 ਬੰਦੂਕਾਂ,114 ਕਿਰਚਾਂ,ਅਤੇ 217 ਚਾਕੂ ਸ਼ਾਮਲ ਸਨ।ਇਹਨਾਂ ਕੁਝ ਕੁ ਹਥਿਆਰਾ ਨਾਲ ਦੁਨੀਆ ਦੀ ਉਸ ਵਕਤ ਦੀ ਮਹਾ ਸ਼ਕਤੀਸ਼ਾਲੀ ਹਕੂਮਤ ਨਾਲ ਟੱਕਰ ਹੀ ਨਹੀ ਨੱਕ ਚ ਦਮ ਕਰ ਸਕਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਹੀ ਸੀ।ਜਿਸ ਕਿਸੇ ਲਿਖਾਰੀ ਨੇ ਬਾਬਾ ਬੰਦਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਤੋ ਥਿੜ੍ਹਕ ਗਿਆ ਤੇ ਗੁਰਮਿਤ ਵਿਰੋਧੀ ਲਿਖਿਆ ਅੱਜ ਸਾਨੂੰ ਉਸ ਬਾਰੇ ਪੜਤਾਲ ਕਰਨੀ ਚਾਹੀਦੀ ਹੈ ?ਮੇਰਾ ਤਾਂ ਕਹਿਣਾ ਹੈ ਜਿਹੜੇ ਗੁਰੂ ਜੀ ਅਨੰਦਪੁਰ ਸਾਹਿਬ ਵਿੱਚ ਇੱਕ ਮਾੜ੍ਹੇ ਜਿਹੇ ਸਰੀਰ ਵਾਲੇ ਬਚਿੱਤਰ ਸਿੰਘ ਨੂੰ ਮਸਤ ਹਾਥੀ ਨਾਲ ਲੜਾ ਕਿ ਜਿੱਤਾ ਸਕਦੇ ਸਨ,ਅੱਠ ਮਹੀਨੇ ਏਡੀ ਵੱਡੀ ਸ਼ਾਹੀ ਫੌਜ ਸਾਹਮਣੇ ਡਟੇ ਰਹਿਣਾ,ਫਿਰ ਭੁੱਖ,ਬਿਮਾਰੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਕੁਝ ਸੈਕੜੇ ਸਿੰਘਾਂ ਨਾਲ ਅੱਸੀ ਹਜਾਰ ਦੀ ਵੱਡੀ ਸ਼ਕਤੀਸ਼ਾਲੀ ਫੌਜ ਜੋ ਤੋਪਾਂ,ਬੰਦੂਕਾ ਆਦਿਕ ਹਥਿਆਰਾ ਨਾਲ ਲੈਸ ਸੀ ਨਾਲ ਜੂਝ ਜਾਣਾ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਤੋ ਬਿਨਾਂ ਅਸੰਭਵ ਸੀ ।

……….. ਚਲਦਾ

ਧੰਨਵਾਦ ਸਹਿਤ ਪੰਜਾਬੀ ਟੂਡੈ ਵਿੱਚੋ
www.panjabitoday.com